ਪ੍ਰੇਮ ਸਬੰਧਾਂ ਦੇ ਵਿਚਕਾਰ ਆਈ ਅਣਖ, ਮੁੰਡਾ-ਕੁੜੀ ਵੱਢੇ ਤੇ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ ਕੀ ਹੈ ਪੂਰਾ ਮਾਮਲਾ

Murder Case

ਅੰਮ੍ਰਿਤਸਰ (ਚਰਨਜੀਤ ਸਿੰਘ): ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਅਣਖ਼ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਪਵਨ ਸਿੰਘ (18)  ਦਾ ਅਨੂ (15) ਨਾਲ ਪ੍ਰੇਮ ਸਬੰਧ ਸਨ, ਜਿਸ 'ਤੇ ਲੜਕੀ ਦੇ ਪਿਤਾ ਦਿਲਬਾਗ ਸਿੰਘ, ਚਾਚਾ ਹਰਪਾਲ ਸਿੰਘ ਪੁੱਤਰ ਬਲਦੇਵ ਵਪਾਰੀ ਵਲੋਂ ਅਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਪਵਨ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਦੇ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਲਿਜਾਉਣ 'ਤੇ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ।

ਹਮਲਾਵਰ ਦਿਲਬਾਗ ਸਿੰਘ ਤੇ ਹਰਪਾਲ ਸਿੰਘ ਵਲੋਂ ਪਵਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਅਪਣੇ ਘਰ ਦੇ ਬਾਹਰ ਅਪਣੀ ਲੜਕੀ ਅਨੂ ਨੂੰ ਵੀ ਕਾਰ ਦੀ ਲਪੇਟ ਵਿਚ ਲਿਆ ਕੇ ਅਤੇ ਤੇਜ਼ਧਾਰ ਹਥਿਆਰਾਂ ਦਾ ਵਾਰ ਕਰ ਕੇ ਉਸ ਦਾ ਵੀ ਕਤਲ ਕਰ ਦਿਤਾ ਗਿਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋ ਫ਼ਰਾਰ ਹੋ ਗਏ। ਡੀ.ਐੱਸ.ਪੀ ਰਵਿੰਦਰ ਸਿੰਘ, ਥਾਣਾ ਮੁਖੀ ਹਰਕੀਰਤ ਸਿੰਘ, ਏ ਐਸ ਆਈ ਰਾਜਬੀਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

ਦਸਿਆ ਜਾ ਰਿਹਾ ਹੈ ਕਿ ਦੋਵੇਂ ਅੱਜ ਘਰੋਂ ਭੱਜਣ ਦੀ ਫ਼ਿਰਾਕ ਵਿਚ ਸਨ। ਇਸ ਗੱਲ ਦਾ ਪਤਾ ਕੁੜੀ ਦੇ ਪਰਵਾਰ ਨੂੰ ਲੱਗ ਗਿਆ ਅਤੇ ਦੋਵਾਂ ਦਾ ਸ਼ਰੇਆਮ ਕਿਰਪਾਨਾਂ ਨਾਲ ਵੱਢ ਕੇ ਕਤਲ ਕਰਵਾ ਦਿਤਾ ਗਿਆ। ਜਾਣਕਾਰੀ ਮੁਤਾਬਕ ਪਵਨ ਸਿੰਘ ਅਪਣੇ ਘਰ ਤੋਂ ਥੋੜ੍ਹੀ ਦੂਰ ਸੜਕ 'ਤੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਕੁੱਝ ਹਮਲਾਵਰਾਂ ਨੇ ਦਾਤਰ ਨਾਲ ਉਸ ਦੀ ਧੌਣ 'ਤੇ ਵਾਰ ਕੀਤੇ।  ਇਸ ਤੋਂ ਬਾਅਦ ਹਮਲਾਵਰਾਂ ਨੇ ਲੜਕੀ ਵੀ ਵੱਢ ਦਿਤੀ ਗਈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੜਕੇ ਪਵਨ ਨੂੰ ਜ਼ਖ਼ਮੀ ਹਾਲਤ 'ਚ ਅੰਮ੍ਰਿਤਸਰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ।

ਉਧਰ ਲੜਕੀ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਸਾਡੀ ਲੜਕੀ ਬਾਹਰ ਪਸ਼ੂਆਂ ਦੀ ਦੇਖ-ਰੇਖ ਵਾਸਤੇ ਗਈ ਸੀ ਕਿ ਘਰ ਦੇ ਬਾਹਰ ਸੜਕ ਕਿਨਾਰੇ ਉਸ ਦਾ ਕਤਲ ਕਰ ਦਿਤਾ ਗਿਆ। ਡੀਐਸਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਾਹਲੀ ਵਿਚ ਦਸਿਆ ਕਿ ਕਤਲ ਕਰਨ ਵਾਲੇ ਵਿਅਕਤੀਆਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ ਅਤੇ ਕਾਤਲ ਜਲਦ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ।