ਅਮੀਨ ਮਲਿਕ ਚਲਾਣਾ ਕਰ ਗਏ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

21ਵੀਂ ਸਦੀ ਦੇ ਮਿੱਠੀ ਪੰਜਾਬੀ ਪ੍ਰੋਸਣ ਵਾਲੇ ਸੱਭ ਤੋਂ ਵੱਡੇ ਪੰਜਾਬੀ ਵਾਰਤਕ ਲੇਖਕ

Amin Malik

ਕੋਟਕਪੂਰਾ, 26 ਜੂਨ (ਗੁਰਿੰਦਰ ਸਿੰਘ) :- 'ਰੋਜ਼ਾਨਾ ਸਪੋਕਸਮੈਨ' ਦੇ ਕਾਲਮਾਂ ਦਾ ਲੰਮਾ ਸਮਾਂ ਸ਼ਿੰਗਾਰ ਬਣੇ ਰਹੇ, ਮਾਂ ਬੋਲੀ ਪੰਜਾਬੀ ਨੂੰ ਪ੍ਰਣਾਏ ਉੱਘੇ ਸਾਹਿਤਕਾਰ ਤੇ ਲੇਖਕ 'ਅਮੀਨ ਮਲਿਕ' ਸਾਡੇ ਦਰਮਿਆਨ ਨਹੀਂ ਰਹੇ। ਇਸ ਮਨਹੂਸ ਖ਼ਬਰ ਦੇ ਮਿਲਦਿਆਂ ਹੀ ਅਮੀਨ ਮਲਿਕ ਦੇ ਚਹੇਤਿਆਂ, ਪ੍ਰਸ਼ੰਸਕਾਂ ਅਤੇ ਸਪੋਕਸਮੈਨ ਦੇ ਪਾਠਕਾਂ 'ਚ ਸੋਗ ਦਾ ਮਾਹੌਲ ਪੈਦਾ ਹੋ ਗਿਆ।

ਜ਼ਿਕਰਯੋਗ ਹੈ ਕਿ ਪੰਜ ਪਾਣੀ ਪ੍ਰਕਾਸ਼ਨ ਚੰਡੀਗੜ੍ਹ ਵਲੋਂ 'ਰੋਜ਼ਾਨਾ ਸਪੋਕਸਮੈਨ' 'ਚ ਸਮੇਂ ਸਮੇਂ ਅਮੀਨ ਮਲਿਕ ਵਲੋਂ ਲਿਖੇ ਗਏ ਲੜੀਵਾਰ ਲੇਖਾਂ ਅਤੇ ਹੋਰ ਰਚਨਾਵਾਂ ਨੂੰ ਕਿਤਾਬੀ ਰੂਪ ਦੇ ਕੇ 'ਯਾਦਾਂ ਦੇ ਪਿਛਵਾੜੇ' ਅਤੇ 'ਆਲ੍ਹਣਿਆਂ ਤੋਂ ਦੂਰ' ਨਾਂਅ ਦੀਆਂ ਦੋ ਪੁਸਤਕਾਂ ਪਾਠਕਾਂ ਹਵਾਲੇ ਕੀਤੀਆਂ ਗਈਆਂ। ਜਦੋਂ ਅਮੀਨ ਮਲਿਕ ਦੀ ਪੁਸਤਕ ਯਾਦਾਂ ਦੇ ਪਿਛਵਾੜੇ ਰੋਜ਼ਾਨਾ ਸਪੋਕਸਮੈਨ ਦੇ ਸਾਲਾਨਾ ਸਮਾਗਮ 'ਚ ਜਾਰੀ ਕੀਤੀ ਗਈ ਤਾਂ 2000 ਕਾਪੀਆਂ ਦਾ ਸਟਾਕ ਮਹਿਜ਼ 2 ਘੰਟਿਆਂ 'ਚ ਹੀ ਖ਼ਤਮ ਹੋ ਗਿਆ, ਸਗੋਂ ਅਮੀਨ ਮਲਿਕ ਦੇ ਦਸਤਖ਼ਤ ਲੈਣ ਲਈ ਪਾਠਕਾਂ ਦਾ ਝੁਰਮਟ ਲੱਗ ਗਿਆ।

ਪੰਜਾਬ ਤੇ ਚੰਡੀਗੜ੍ਹ ਦੇ ਸਾਹਿਤਕ ਹਲਕਿਆਂ 'ਚ ਇਹ ਚਰਚਾ ਆਮ ਹੋਣ ਲੱਗ ਪਈ ਕਿ ਅਮੀਨ ਮਲਿਕ ਤੋਂ ਪਹਿਲਾਂ ਕੋਈ ਹੋਰ ਪੰਜਾਬੀ ਲੇਖਕ ਐਨੀ ਜਲਦੀ ਸਥਾਪਤ ਨਹੀਂ ਸੀ ਹੋਇਆ। ਤਕਰੀਬਨ ਸਾਰਿਆਂ ਨੇ ਇਸ ਦਾ ਸਿਹਰਾ ਸਪੋਕਸਮੈਨ ਦੇ ਸਿਰ ਬੰਨ੍ਹਿਆ। ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ੍ਰ ਜੋਗਿੰਦਰ ਸਿੰਘ ਦਾ ਦਾਅਵਾ ਹੈ ਕਿ 1947 ਦੇ ਦਰਦ ਨੂੰ ਜਿਸ ਸ਼ਿੱਦਤ ਨਾਲ ਅਮੀਨ ਮਲਿਕ ਨੇ ਬਿਆਨ ਕੀਤਾ, ਕੋਈ ਹੋਰ ਅੱਜ ਤਕ ਨਹੀਂ ਕਰ ਸਕਿਆ।

ਭਾਵੇਂ ਰੋਜ਼ਾਨਾ ਸਪੋਕਸਮੈਨ 'ਚ ਪਾਠਕਾਂ ਵਲੋਂ ਲੜੀਵਾਰ ਛਪਦੀਆਂ ਅਮੀਨ ਮਲਿਕ ਦੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਹੋਈਆਂ ਸਨ ਪਰ ਫਿਰ ਵੀ ਪਾਠਕਾਂ ਨੇ 'ਯਾਦਾਂ ਦੇ ਪਿਛਵਾੜੇ' ਅਤੇ 'ਆਲ੍ਹਣਿਆਂ ਤੋਂ ਦੂਰ' ਪੁਸਤਕਾਂ ਨੂੰ ਬੜੀ ਰੀਝ ਨਾਲ ਖਰੀਦਿਆ ਅਤੇ ਦਾਅਵਾ ਕੀਤਾ ਕਿ ਉਹ ਇਨ੍ਹਾਂ ਪੁਸਤਕਾਂ ਨੂੰ ਸੰਭਾਲ ਕੇ ਰਖਣਾ ਚਾਹੁਣਗੇ, ਤਾਂ ਜੋ ਇਹ ਕੀਮਤੀ ਖ਼ਜ਼ਾਨਾ ਨਵੀਂ ਪੀੜ੍ਹੀ ਦੇ ਕੰਮ ਆ ਸਕੇ।