ਕਿਸਾਨ ਵਿਰੋਧੀ ਬਿਲ ਨੂੰ ਰੱਦ ਕਰਵਾਉਣ ਲਈ ਬੈਂਸ ਭਰਾਵਾਂ ਨੇ ਕੱਢੀ ਸਾਈਕਲ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਲ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾਉਣ ਮੁੱਖ ਮੰਤਰੀ: ਬੈਂਸ

ਕਿਸਾਨ ਵਿਰੋਧੀ ਬਿਲ ਨੂੰ ਰੱਦ ਕਰਵਾਉਣ ਲਈ ਬੈਂਸ ਭਰਾਵਾਂ ਨੇ ਕੱਢੀ ਸਾਈਕਲ ਰੈਲੀ

ਐਸ.ਏ.ਐਸ ਨਗਰ, 26 ਜੂਨ (ਸੁਖਦੀਪ ਸਿੰਘ ਸੋਈ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਜ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਸ਼ੁਰੂ ਕਿਸਾਨ ਬਚਾਉ ਯਾਤਰਾ ਅੱਜ ਪੰਜਵੇਂ ਦਿਨ ਮੋਹਾਲੀ ਪਹੁੰਚੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੰਗਾਰਿਦਿਆਂ ਐਲਾਨ ਕੀਤਾ ਕਿ ਲੋਕ ਇਨਸਾਫ਼ ਪਾਰਟੀ ਕਿਸੇ ਵੀ ਹਾਲਤ ਵਿਚ ਖੇਤੀ ਸੁਧਾਰ ਬਿਲ ਨੂੰ ਲਾਗੂ ਨਹੀਂ ਹੋਣ ਦੇਵੇਗੀ।

ਅੰਮ੍ਰਿਤਸਰ ਤੋਂ ਸਾਈਕਲ ਉਤੇ ਕਿਸਾਨ ਬਚਾਉ ਯਾਤਰਾ ਕਰਦੇ ਮੁਹਾਲੀ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਮੱਥਾ ਟੇਕ ਕੇ ਆਰੰਭ ਕੀਤੀ, ਇਸ ਯਾਤਰਾ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਉਹ ਇਥੇ ਪਹੁੰਚੇ ਹਨ ਅਤੇ ਹੁਣ ਮੁੱਖ ਮੰਤਰੀ ਨੂੰ ਮੰਗ ਪੱਤਰ ਦਿਤਾ ਜਾਵੇਗਾ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਆਰਡੀਨੈਂਸ ਨੂੰ ਰੱਦ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਕਾਨੂੰਨ ਗ਼ੈਰ-ਸੰਵਿਧਾਨਿਕ ਅਤੇ ਸੂਬਾਈ ਅਧਿਕਾਰਾਂ ਉਤੇ ਡਾਕਾ ਹੈ ਕਿਉਂਕਿ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਰਾਹੀਂ ਖੇਤੀਬਾੜੀ ਵਿਸ਼ਾ ਸਿਰਫ਼ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।

ਉਨ੍ਹਾਂ ਇਲਜਾਮ ਲਗਾਇਆ ਕਿ ਅਸਲ ਵਿਚ ਇਹ ਨਵਾਂ ਖੇਤੀ ਸੁਧਾਰ ਕਾਨੂੰਨ ਪੰਜਾਬ ਦੀ ਵਿਸ਼ਵ ਪਧਰੀ ਉਪਜਾਊ ਭੂਮੀ ਨੂੰ ਹਥਿਆਉਣ ਲਈ ਬਣਾਇਆ ਗਿਆ ਹੈ ਕਿਉਂਕਿ ਇਹ ਨਵਾਂ ਕਾਨੂੰਨ ਕਿਸਾਨ ਨੂੰ ਹੀ ਆਰਥਿਕ ਤੌਰ ਉਤੇ ਖ਼ਤਮ ਕਰ ਦੇਵੇਗਾ।

ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾ ਕੇ ਇਸ ਨਵੇਂ ਖੇਤੀ ਸੁਧਾਰ ਆਰਡੀਨੈਂਸ ਨੂੰ ਪੰਜਾਬ ਵਿਧਾਨ ਸਭਾ ਵਿਚ ਬਹੁਸੰਮਤੀ ਨਾਲ ਰੱਦ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਲਈ ਦਬਾਉ ਬਣਾਇਆ ਜਾਵੇ।

ਪੁਲਿਸ ਵਲੋਂ ਬੈਂਸ ਭਰਾਵਾਂ ਦੇ ਕਾਫ਼ਲੇ ਨੂੰ ਮੋਹਾਲੀ ਵਿਖੇ ਹੀ ਰੋਕ ਲਿਆ ਗਿਆ। ਪੁਲਿਸ ਵਲੋਂ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਮੁੱਖ ਮੰਤਰੀ ਨਾਲ ਮਿਲਣ ਲਈ ਚੰਡੀਗੜ੍ਹ ਜਾਣ ਦੀ ਇਜਾਜ਼ਤ ਦਿਤੀ ਗਈ ਅਤੇ ਬਾਕੀ ਦੇ ਕਾਫ਼ਲੇ ਨੂੰ ਵਾਪਸ ਮੋੜ ਦਿਤਾ ਗਿਆ ।