ਭਾਜਪਾ ਦੀ ਸੂਬਾ ਪਧਰੀ ਸਪੱਸ਼ਟੀਕਰਨ ਰੈਲੀ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦੋ ਹਫ਼ਤੇ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਅਕਾਲੀ-ਬੀ.ਜੇ.ਪੀ., 'ਆਪ' ਤੇ

BJP

ਚੰਡੀਗੜ੍ਹ, 26 ਜੂਨ (ਜੀ.ਸੀ. ਭਾਰਦਵਾਜ) : ਪਿਛਲੇ ਦੋ ਹਫ਼ਤੇ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਅਕਾਲੀ-ਬੀ.ਜੇ.ਪੀ., 'ਆਪ' ਤੇ ਕਿਸਾਨ ਜਥੇਬੰਦੀਆਂ 'ਚ ਫ਼ਸਲਾਂ ਦੀ ਖ਼ਰੀਦ ਬਾਰੇ ਕੇਂਦਰ ਸਰਕਾਰ ਦੇ ਨਵੇਂ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਘਸਮਾਣ ਮਚਿਆ ਹੋਇਆ ਹੈ ਅਤੇ ਦੇਸ਼ 'ਚ ਸੱਭ ਤੋਂ ਵੱਧ ਕਣਕ-ਚਾਵਲ ਪੈਦਾ ਕਰਨ ਵਾਲਾ ਪੰਜਾਬ ਦਾ ਕਿਸਾਨ ਭਵਿੱਖ ਦੀ ਹਾਲਤ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹੈ।

ਖੇਤੀ ਸਬੰਧੀ ਮੰਡੀਕਰਨ ਦੇ ਨਵੇਂ ਸਿਸਟਮ ਤੋਂ ਉਪਜਣ ਵਾਲੀ ਇਸ ਸੰਭਾਵੀ ਗੰਭੀਰ ਸਥਿਤੀ ਨੂੰ ਨਜਿੱਠਣ ਲਈ 24 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਬੈਠਕ ਬੁਲਾਈ ਸੀ ਜੋ ਜ਼ਿਆਦਾਤਰ ਹੇਠਲੇ ਦਰਜੇ ਦੀ ਸਿਆਸਤ ਦੀ ਭੇਂਟ ਚੜ੍ਹ ਗਈ। ਭਲਕੇ ਹੋਣ ਵਾਲੀ ਰਾਜ ਪਧਰੀ ਪੰਜਾਬ ਦੀ ਰੈਲੀ ਜਿਸ ਨੂੰ 'ਵਰਚੂਅਲ', 'ਵੀਡੀਉ', 'ਸ਼ਪਸ਼ਟੀਕਰਨ' ਜਾਂ 'ਨਿਵੇਕਲੀ' ਰੈਲੀ ਦਾ ਨਾਮ ਦਿਤਾ ਹੈ, ਦੌਰਾਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਫ਼ਸਲਾਂ ਦੀ ਸਰਕਾਰੀ ਖ਼ਰੀਦ ਵਾਸਤੇ ਐਮ.ਐਸ.ਪੀ., ਖੁਲ੍ਹੀ ਮੰਡੀ ਸਿਸਟਮ ਅਤੇ ਪੰਜਾਬ ਦੇ ਕਿਸਾਨ ਨੂੰ ਫ਼ਸਲ ਤੋਂ ਵਾਧੂ ਮੁੱਲ ਲੈਣ ਬਾਰੇ ਕਈ ਸ਼ੱਕ-ਸ਼ੰਕੇ ਦੂਰ ਕਰਨਗੇ।

ਪੰਜਾਬ ਬੀ.ਜੇ.ਪੀ. ਪ੍ਰਧਾਨ ਅਸ਼ਵਨੀ ਸ਼ਰਮਾ ਅਨੁਸਾਰ ਪਾਰਟੀ ਦੇ ਸਾਰੇ ਜ਼ਿਲ੍ਹਾ ਯਾਨੀ 33 ਮੁਕਾਮ 'ਤੇ ਇਹੋ ਜਿਹੀਆਂ ਸੋਸ਼ਲ ਮੀਡੀਆ ਰੈਲੀਆਂ ਉਪਰੰਤ ਇਹ ਰਾਜ ਪਧਰੀ ਪੰਜਾਬ ਦੀ ਰੈਲੀ ਪਹਿਲੀ ਹੋਵੇਗੀ ਜਿਸ 'ਚ ਮੋਦੀ ਸਰਕਾਰ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣ ਤੋਂ ਇਲਾਵਾ ਪੰਜਾਬ ਦੇ ਆਰਥਕ, ਸਿਆਸੀ, ਸਮੂਹਕ, ਸਮਾਜਕ ਅਤੇ ਵਿਸ਼ੇਸ਼ ਕਰ ਕੇ ਖੇਤੀ-ਫ਼ਸਲਾਂ ਨਾਲ ਜੁੜੇ ਨੁਕਤਿਆਂ 'ਤੇ ਚਾਨਣਾ ਪਾਇਆ ਜਾਵੇਗਾ।

ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ, ਨਰਿੰਦਰ ਤੋਮਰ, ਸੋਮ ਪ੍ਰਕਾਸ਼ ਅਤੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਖੰਨਾ ਰਾਜਧਾਨੀ ਨਵੀਂ ਦਿੱਲੀ ਤੋਂ ਵੀਡੀਉ ਰਾਹੀਂ ਸੰਬੋਧਨ ਕਰਨਗੇ ਜਦਕਿ ਪ੍ਰਧਾਨ ਖ਼ੁਦ, ਪੰਜਾਬ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ, ਜਨਰਲ ਸਕੱਤਰ ਦਿਨੇਸ਼ ਤੇ ਸੁਭਾਸ਼ ਸ਼ਰਮਾ ਤੋਂ ਇਲਾਵਾ ਹੋਰ ਪਾਰਟੀ ਨੇਤਾ, ਚੰਡੀਗੜ੍ਹ ਬੀ.ਜੇ.ਪੀ. ਦਫ਼ਤਰ ਤੋਂ ਲੋਕਾਂ ਨੂੰ ਸੰਬੋਧਨ ਕਰਨਗੇ।

ਲਗਭਗ ਤਿੰਨ ਘੰਟੇ ਚੱਲਣ ਵਾਲੀ ਇਸ ਜਨ ਸੰਵਾਦ ਰੈਲੀ 'ਚ ਪੰਜਾਬ 'ਚੋਂ 33 ਸਥਾਨਾਂ ਤੋਂ ਪਾਰਟੀ ਵਰਕਰ, ਕਿਸਾਨ ਨੇਤਾ, ਆਮ ਲੋਕ ਅਤੇ ਨੌਜਵਾਨ, ਕੇਂਦਰੀ ਤੇ ਸੂਬਾ ਪਧਰੀ ਲੀਡਰਾਂ ਨਾਲ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਸਾਂਝੇ ਕਰਨਗੇ। ਬੀ.ਜੇ.ਪੀ. ਦੇ ਬੁਲਾਰੇ ਜਨਾਰਧਨ ਸ਼ਰਮਾ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਲੱਗੀਆਂ ਪਾਬੰਦੀਆਂ ਦੇ ਚਲਦਿਆਂ ਭਵਿੱਖ 'ਚ ਇਹੋ ਜਿਹੀਆਂ ਵੀਡੀਉ, ਵਰਚੁਅਲ, ਡਿਜ਼ੀਟਲ ਰੈਲੀਆਂ ਰਾਹੀਂ ਹੀ ਲੋਕਾਂ ਤਕ ਪਹੁੰਚ ਕੀਤੀ ਜਾਇਆ ਕਰੇਗੀ ਅਤੇ ਧੂੜਾਂ ਉਭਾਰਨ ਵਾਲੇ ਵੱਡੇ ਸਿਆਸੀ ਇਕੱਠਾਂ ਤੋਂ ਛੁਟਕਾਰਾ ਮਿਲੇਗਾ।