ਪੰਜਾਬੀ 'ਚ ਚੱਲਣਗੀਆਂ ਹੁਣ ਪੂਰੀਆਂ ਸਵਾਰੀਆਂ ਭਰ ਕੇ ਬੱਸਾਂ, ਮੁੱਖ ਮੰਤਰੀ ਨੇ ਕੀਤਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰਾਂ 'ਚ ਵੀ ਤਿੰਨ ਤੋਂ ਵੱਧ ਸਵਾਰੀਆਂ ਬਿਠਾਉਣ ਦੀ ਮਿਲੀ ਇਜਾਜ਼ਤ

Capt Amrinder Singh

ਚੰਡੀਗੜ੍ਹ : ਪੰਜਾਬ ਅੰਦਰ ਹੁਣ ਬੱਸਾਂ 'ਚ ਸਮਰੱਥਾ ਅਨੁਸਾਰ ਸਵਾਰੀਆਂ ਨੂੰ ਬਿਠਾਇਆ ਜਾ ਸਕੇਗਾ।  ਇਸ ਸਬੰਧੀ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਹਫ਼ਤਾਵਾਰੀ ਪ੍ਰੋਗਰਾਮ ਦੌਰਾਨ ਕੀਤਾ। ਸਰਕਾਰ ਵਲੋਂ ਇਹ ਫ਼ੈਸਲਾ ਪਿਛਲੇ ਦਿਨਾਂ ਦੌਰਾਨ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਲਗਾਤਾਰ ਵਾਧੇ ਤੋਂ ਬਾਅਦ ਲਿਆ ਗਿਆ ਹੈ।

ਪਹਿਲਾਂ ਬੱਸਾਂ 'ਚ ਕੇਵਲ 50 ਫੀਸਦੀ ਯਾਤਰੀ ਹੀ ਬਿਠਾਏ ਜਾ ਸਕਦੇ ਸਨ। ਬੱਸਾਂ 'ਚ ਸਫ਼ਰ ਦੌਰਾਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਸਾਰੀਆਂ ਸਵਾਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਇਸ ਦੀ ਉਲੰਘਣਾ ਕਰਨ ਦੀ ਸੂਰਤ 'ਚ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਇਸ ਤੋਂ ਇਲਾਵਾ ਕਾਰਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਵੀ ਰਾਹਤ ਦਿਤੀ ਗਈ ਹੈ। ਹੁਣ ਕਾਰ ਵਿਚ ਤਿੰਨ ਤੋਂ  ਵੱਧ ਵਿਅਕਤੀ ਬੈਠ ਸਕਣਗੇ ਬਸ਼ਰਤੇ ਕਿ ਉਹ ਇਕੋ ਹੀ ਪਰਵਾਰ ਦੇ ਮੈਂਬਰ ਹੋਣ। ਮੁੱਖ ਮੰਤਰੀ ਨੇ ਲੋਕਾਂ ਨੂੰ ਸਰਕਾਰ ਵਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿਨ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਕ ਹਰ ਕੋਈ ਮਾਸਕ ਪਹਿਨ ਕੇ ਰੱਖੇ। ਕਰੋਨਾ ਨੂੰ ਹਰਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਮਾਤ ਦਿਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਕੇਸ ਵਧਣੇ ਜਾਰੀ ਰਹਿੰਦੇ ਹਨ ਤਾਂ ਸਰਕਾਰ ਨੂੰ ਮਜ਼ਬੂਰਨ ਮੁੜ ਲੌਕਡਾਊਨ ਲਗਾਉਣਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਰੋਨਾ ਨੂੰ ਹਰਾਉਣ 'ਚ ਮੱਦਦ ਲਈ ਅੱਗੇ ਆਉਣਾ ਚਾਹੀਦੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।