ਕੈਪਟਨ ਦੱਸਣ ਕਿ ਕੀ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਸੰਘਵਾਦ ਦੇਪੱਖਵਿਚਹੋਣਵਾਸਤੇਆਖਿਆ ਸੀ?:ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਦੱਸਣ ਕਿ ਕੀ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਸੰਘਵਾਦ ਦੇ ਪੱਖ ਵਿਚ ਹੋਣ ਵਾਸਤੇ ਆਖਿਆ ਸੀ?: ਅਕਾਲੀ ਦਲ

1

ਚੰਡੀਗੜ•, 27 ਜੂਨ (ਸਪੋਕਸਮੈਨ ਸਮਾਚਾਰ ਸੇਵਾ):  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸੰਘਵਾਦ ਦੇ ਮਾਮਲੇ ਉਤੇ ਅਕਾਲੀ ਦਲ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਕਿਹਾ ਸੀ ਕਿ ਉਹ ਪਾਰਟੀ ਦੀ ਨੀਤੀ ਬਦਲਣ ਅਤੇ ਸੰਘਵਾਦ ਦੇ ਹੱਕ ਵਿਚ ਹੋ ਜਾਣ।


  ਮੁੱਖ ਮੰਤਰੀ ਨੂੰ ਸੰਘਵਾਦ ਦੇ ਮਾਮਲੇ ਉਤੇ ਮਗਰਮੱਛ ਦੇ ਹੰਝੂ ਨਾ ਵਹਾਉਣ ਦੀ ਸਲਾਹ ਦਿੰਦਿਆਂ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ  ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤੇ ਐਮਰਜੰਸੀ ਦੌਰਾਨ ਲੋਕਾਂ ਦੀ ਆਵਾਜ਼ ਦਬਾਈ ਅਤੇ ਆਨੰਦਪੁਰ ਸਾਹਿਬ ਮਤਾ ਲਿਆਉਣ ਉਤੇ ਸਿੱਖਾਂ ਨੂੰ ਅਤਿਵਾਦੀ ਕਿਹਾ, ਉਹ ਅੱਜ ਇਸ ਮਾਮਲੇ ਉਤੇ ਅਕਾਲੀ ਦਲ ਨੂੰ ਘੇਰਨ ਦਾ ਯਤਨ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘਵਾਦ ਦੇ ਮੂਲ ਸਿਧਾਂਤਾਂ  ਪ੍ਰਤੀ ਵਚਨਬੱਧ ਰਿਹਾ ਹੈ ਤੇ ਅਸੀ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਕਰਦੇ ਰਹਾਂਗੇ ਅਤੇ ਇਸ ਵਿਸ਼ੇ ਉਤੇ  ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈ।


 ਖੇਤੀਬਾੜੀ ਬਾਰੇ ਕੇਂਦਰੀ ਆਰਡੀਨੈਂਸਾਂ ਦੀ ਗੱਲ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਨਹੀਂ ਕੀਤਾ ਜਾ ਰਿਹਾ ਪਰ ਉਹ ਜਾਣ ਬੁਝ ਕੇ ਮਾਮਲੇ ਉਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਤਾਂ ਜੋ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲੇ ਅਤੇ ਲੋਕਾਂ ਨਾਲ ਕੀਤੇ ਢੇਰਾਂ  ਵਾਅਦੇ ਪੂਰੇ ਨਾ ਹੋਣ ਤੋਂ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਸਰਕਾਰ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਜਾਰੀ ਰਹੇਗਾ ਪਰ ਕਾਂਗਰਸ ਪਾਰਟੀ ਇਸ ਮਾਮਲੇ ਉਤੇ ਝੂਠਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਤਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਅਸੀ ਸਪੱਸ਼ਟ ਹਾਂ ਕਿ ਕਣਕ ਅਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਬਾਰੇ ਭਵਿੱਖ ਵਿਚ ਵੀ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।