ਮਿੱਤਲ ਦਾ ਬਿਆਨ ਅਕਾਲੀ-ਭਾਜਪਾ ਗਠਜੋੜ 'ਚ ਲਿਆਵੇਗਾ ਤੂਫ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਪਾਰਲੀਮੈਂਟ ਵਿੱਚ ਬਿਆਨ

Shiromani Akali Dal-BJP

ਸੰਗਰੂਰ, 26 ਜੂਨ (ਬਲਵਿੰਦਰ ਸਿੰਘ ਭੁੱਲਰ) : ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਪਾਰਲੀਮੈਂਟ ਵਿੱਚ ਬਿਆਨ ਦਿਤਾ ਸੀ ਕਿ ਭਾਜਪਾ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਛੋਟਾ ਭਾਈ ਬਣ ਕੇ ਨਹੀਂ ਰਹੇਗਾ ਤੇ ਹੁਣ ਵਾਲਾ ਤਾਜ਼ਾ ਬਿਆਨ ਕਿ ਪੰਜਾਬ ਵਿਧਾਨ ਸਭਾ ਲਈ 2022 ਦੌਰਾਨ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਪੰਜਾਬ ਵਿਚ 59 ਸੀਟਾਂ 'ਤੇ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ ਤੇ ਬਿਜਲੀ ਬਣ ਕੇ ਡਿੱਗਣ ਨਾਲੋਂ ਘੱਟ ਨਹੀਂ।

ਜ਼ਿਲ੍ਹਾ ਸੰਗਰੂਰ ਦੇ ਇਕ ਸਾਬਕਾ ਅਕਾਲੀ ਆਗੂ ਨੇ ਦਸਿਆ ਕਿ ਭਾਜਪਾ ਭਲੀ ਭਾਂਤ ਜਾਣਦੀ ਹੈ ਕਿ ਬਹਿਬਲ ਕਲਾਂ ਦੇ ਬੇਅਦਬੀ ਤੇ ਗੋਲੀ ਕਾਂਡ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਬਾਹਰੋਂ ਦੋਵਾਂ ਪਾਸਿਆਂ ਤੋਂ ਕਮਜ਼ੋਰ ਕਰ ਦਿਤਾ ਹੈ ਜਿਸ ਕਰ ਕੇ ਉਹ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਕੇ ਹਾਰੀ ਹੋਈ ਲੜਾਈ ਨਹੀਂ ਲੜਨਾ ਚਾਹੁੰਦੇ।

ਉਨ੍ਹਾਂ ਦਸਿਆ ਕਿ ਭਾਜਪਾ ਵਲੋਂ 59 ਸੀਟਾਂ ਦੀ ਮੰਗ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਉਨ੍ਹਾਂ ਅਕਾਲੀ ਦਲ ਨਾਲੋਂ ਵਖਰਾ ਰਾਹ ਚੁਣਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਅਧੀਨ ਹੁਣ ਤਕ ਇਹ ਦੋਵੇਂ ਪਾਰਟੀਆਂ ਪੰਜਾਬ ਅੰਦਰ 94:23 ਦੇ ਅਨੁਪਾਤ ਨਾਲ ਚੋਣਾਂ ਲੜਦੀਆਂ ਰਹੀਆਂ ਹਨ ਪਰ ਹੁਣ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ ਕਰ ਕੇ ਭਾਜਪਾ ਵਾਲੇ ਲਕੀਰ ਦੇ ਫਕੀਰ ਨਹੀਂ ਬਣੇ ਰਹਿਣਾ ਚਾਹੁੰਦੇ ਤੇ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਤਿਆਰੀਆਂ ਵਿਚ ਜੁਟੇ ਹੋਏ ਹਨ।

ਜ਼ਿਲ੍ਹੇ ਦੇ ਇਕ ਹੋਰ ਸਿਰਕੱਢ ਅਕਾਲੀ ਆਗੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਕਦੇ ਵੀ ਕਮਜ਼ੋਰ ਨਹੀਂ ਹੋਇਆ ਬਲਕਿ ਇਸ ਦੀਆਂ ਵਿਰੋਧੀ ਪਾਰਟੀਆਂ ਅਜਿਹਾ ਪ੍ਰਚਾਰ ਜਾਣ ਬੁੱਝ ਕੇ ਕਰ ਰਹੀਆਂ ਹਨ ਤਾਂ ਕਿ ਅਕਾਲੀ-ਭਾਜਪਾ ਦੋਵਾਂ ਪਾਰਟੀਆਂ ਦੀ ਸਰਕਾਰ ਸੂਬੇ ਅੰਦਰ ਦੁਬਾਰਾ ਵਜੂਦ ਵਿਚ ਨਾ ਆ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸੱਤਾ ਦੇ ਲਾਲਚ ਨੂੰ ਤਿਆਗਣਾ ਬਹੁਤ ਔਖਾ ਹੈ

ਇਸ ਕਰ ਕੇ ਅਕਾਲੀ ਦਲ ਨੂੰ ਠਿੱਬੀ ਲਗਾ ਕੇ ਭਾਜਪਾ ਗੇਂਦ ਅਪਣੇ ਕਬਜ਼ੇ ਵਿਚ ਰਖਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਹੋਣ ਕਰ ਕੇ ਉਹ ਹੁਣ ਪੰਜਾਬ ਵਿਚ ਅਕਾਲੀ ਦਲ ਨਾਲੋਂ ਵਧੇਰੇ ਅਸਰਦਾਰ ਹੋ ਸਕਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਕੁੱਝ ਘਾਗ ਅਕਾਲੀ ਆਗੂਆਂ ਦਾ ਕਹਿਣਾ ਤੇ ਸੋਚਣਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਸੱਤਾ ਦੇ ਗਰੂਰ ਵਿਚ ਕਿਸਾਨੀ ਨਾਲ ਜੋ ਮਨਮਾਨੀਆਂ ਤੇ ਧੱਕੇਸ਼ਾਹੀਆਂ ਕਰ ਰਹੀ ਹੈ ਜਿਸ ਦਾ ਖਾਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਭੁਗਤਣਾ ਪੈ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪੰਜਾਬ ਅੰਦਰ ਭਾਜਪਾ ਕਮਜ਼ੋਰ ਸੀ ਤਾਂ ਉਹ ਅਕਾਲੀ ਦੀਆਂ ਬੈਸਾਖੀਆਂ ਦੇ ਸਹਾਰੇ ਚਲਦੀ ਰਹੀ ਹੈ ਪਰ ਹੁਣ ਜਦ ਕਿ ਅਕਾਲੀ ਦਲ ਨੂੰ ਉਨ੍ਹਾਂ ਦੀ ਰਾਜਨੀਤਕ ਮਦਦ ਲੋੜੀਂਦੀ ਹੈ ਤਾਂ ਭਾਜਪਾ ਨੇ ਸ਼ਰੇਆਮ ਬਗਾਵਤ ਦਾ ਐਲਾਨ ਕਰ ਦਿਤਾ ਹੈ। ਆਮ ਆਦਮੀ ਪਾਰਟੀ ਦੇ ਇਕ ਸਥਾਨਕ ਆਗੂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗਠਜੋੜ ਕੋਈ ਕੁਦਰਤੀ ਗਠਜੋੜ ਨਹੀ ਸੀ; ਇਹ ਤਾਂ ਦੋ ਮੌਕਾਪ੍ਰਸਤ ਪਾਰਟੀਆਂ ਦੀਆਂ ਆਪੋ ਅਪਣੀਆਂ ਗਰਜ਼ਾਂ, ਮਤਲਬਾਂ, ਲਾਲਚਾਂ ਅਤੇ ਆਪੋ ਅਪਣੇ ਸਵਾਰਥਾਂ ਦਾ ਗਠਜੋੜ ਸੀ। ਇਨ੍ਹਾਂ ਦੋਵਾਂ ਪਾਰਟੀਆਂ ਦੀ ਖਿਚੜੀ ਹੁਣ ਤਕ ਤਾਂ ਢਕੀ ਰਿਝਦੀ ਰਹੀ ਪਰ ਹੁਣ ਪੰਜਾਬ 'ਚ ਪੁਰਾਣਾ ਇਤਿਹਾਸ ਨਹੀਂ ਦੁਹਰਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਿਹਾ ਕਰਦੇ ਸਨ ਕਿ ਮੇਰੇ ਜਿਉਂਦੇ ਰਹਿਣ ਤਕ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਇਮ ਰਹਿਣ ਤਕ ਅਕਾਲੀ-ਭਾਜਪਾ  ਦੋਵਾਂ ਪਾਰਟੀਆਂ ਵਲੋਂ ਇਹ ਗਠਜੋੜ ਧਰਮ ਸਦਾ ਲਈ ਨਿਭਾਇਆ ਜਾਂਦਾ ਰਹੇਗਾ ਪਰ ਲਗਦਾ ਨਹੀਂ ਕਿ ਬਾਦਲ ਦੇ ਕਹਿਣ ਮੁਤਾਬਕ ਦੋਵੇਂ ਪਾਰਟੀਆਂ ਭਵਿੱਖ ਵਿੱਚ ਵੀ ਇਸ 'ਤੇ ਪਹਿਰਾ ਦੇਣਗੀਆਂ।

ਅਕਾਲੀ ਦਲ (ਅ) ਦੇ ਇੱਕ ਸਰਗਰਮ ਸਿਆਸੀ ਆਗੂ ਨਾਲ ਜਦੋਂ ਉਕਤ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਸੱਤਾ 'ਤੇ ਕਾਬਜ਼ ਹੋਣ ਲਈ ਕਿਸੇ ਸਿਰਕੱਢ ਸਿੱਖ ਸਿਆਸੀ ਚਿਹਰੇ ਦੀ ਤਲਾਸ਼ ਵਿਚ ਹੈ। ਭਾਜਪਾ ਇੱਕੋ ਸਮੇਂ ਸੂਬੇ ਦੀਆਂ ਕਈ ਛੋਟੀਆਂ ਰਾਜਸੀ ਸੂਬਾਈ ਇਕਾਈਆਂ ਸਮੇਤ ਸੂਬੇ ਦੇ ਕਈ ਵੱਡੇ ਸਿੱਖ ਸਿਆਸੀ ਆਗੂਆਂ ਦੇ ਲਗਾਤਾਰ ਸੰਪਰਕ ਵਿਚ ਹੈ ਤੇ ਕਿਸੇ ਵੀ ਸਮੇਂ ਇਹ ਐਲਾਨ ਕਰ ਸਕਦੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਹੀ ਮਕਸਦ ਦੀ ਪ੍ਰਾਪਤੀ ਲਈ  ਭਾਜਪਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇੱਕ ਜਥੇਬੰਦੀ ਭਾਰਤ ਵਿਚ ਬਣਾਈ ਗਈ ਸੀ ਜਿਸ ਰਾਹੀਂ ਭਾਜਪਾ ਨਾਲ ਹਮਦਰਦੀ ਰਖਦੇ ਤੇ ਉਨ੍ਹਾਂ ਦੀਆਂ ਨੀਤੀਆਂ 'ਤੇ ਪਹਿਰਾ ਦੇਣ ਵਾਲੇ ਸਿੱਖ ਚਿਹਰਿਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਥਾਨਕ ਪੱਧਰ ਤੇ ਛੋਟੇ-ਛੋਟੇ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ ਤੇ ਸਮਾਜ ਵਿਚ ਦਬ-ਦਬਾ ਕਾਇਮ ਰੱਖਣ ਲਈ ਪੁਲਿਸ ਸਕਿਉਰਟੀ ਵੀ ਦਿਤੀ ਜਾਂਦੀ ਹੈ।