ਸ਼੍ਰੋਮਣੀ ਅਕਾਲੀ ਦਲ ਆਰਡੀਨੈਂਸ ਦੇ ਮੁੱਦੇ 'ਤੇ ਅਪਣਾ ਰਿਹੈ ਦੋਹਰੀ ਨੀਤੀ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਸਿਮਰਤ ਕੋਲੋਂ ਵੀ ਇਸ ਮੁੱਦੇ 'ਤੇ ਅਪਣਾ ਸਟੈਂਡ ਸਪੱਸ਼ਟ ਕਰਨ ਦੀ ਕੀਤੀ ਮੰਗ

Bhagwant Mann

ਬਠਿੰਡਾ, 26 ਜੂਨ (ਸੁਖਜਿੰਦਰ ਮਾਨ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਵਾਰ ਉਪਰ ਇਕ ਕੇਂਦਰੀ ਮੰਤਰੀ ਦੀ ਕੁਰਸੀ ਪਿੱਛੇ ਪੰਜਾਬ ਦੇ ਹਿਤਾਂ ਨੂੰ ਦਾਅ 'ਤੇ ਲਗਾਉਣ ਦਾ ਦੋਸ਼ ਲਗਾਇਆ ਹੈ। ਅੱਜ ਉਚੇਚੇ ਤੌਰ 'ਤੇ ਬਠਿੰਡਾ ਪੁੱਜੇ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਵਲੋਂ ਬੁਲਾਈ ਆਲ ਪਾਰਟੀ ਮੀਟਿੰਗ 'ਚ ਦਿਤੇ ਬਿਆਨ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਮੁਕਰ ਰਹੇ ਹਨ। ਸ. ਮਾਨ ਨੇ ਦਾਅਵਾ ਕੀਤਾ ਕਿ ਕੇਂਦਰ ਵਲੋਂ ਲਿਆਂਦੇ ਕਿਸਾਨੀ ਵਿਰੋਧੀ ਤਿੰਨ ਆਰਡੀਨੈਂਸ ਦੇ ਮਾਮਲੇ 'ਤੇ ਅਕਾਲੀ ਦਲ ਦੋਹਰੀ ਨੀਤੀ ਅਪਣਾ ਰਿਹਾ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲੋ ਵੀ ਇਸ ਮੁੱਦੇ 'ਤੇ ਅਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।

'ਆਪ' ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਕਿਸਾਨ ਵਿਰੋਧੀ ਭੂਮਿਕਾ ਨਿਭਾਉਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕਾਵਾਈਜ਼ ਪੁਤਲੇ ਫ਼ੂਕ ਕੇ ਲੋਕਾਂ ਨੂੰ ਉਨ੍ਹਾਂ ਦੀ ਅਸਲੀ ਭੂਮਿਕਾ ਬਾਰੇ ਜਾਗਰੂਕ ਕਰਨਗੇ।  ਸਥਾਨਕ ਸਰਕਟ ਹਾਊਸ 'ਚ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਦੇ ਹਿੱਤਾਂ ਲਈ ਕੁਰਬਾਨੀਆਂ ਦੇਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ''ਬਾਦਲ ਪਰਿਵਾਰ ਹਰਸਿਮਰਤ ਦੀ ਕੁਰਸੀ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।''

ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਕਿ ਹੁਣ ਉੋਸਨੂੰ ਕਿਸਾਨੀ ਜਾਂ ਕੁਰਸੀ ਵਿਚੋਂ ਇੱਕ ਨੂੰ ਚੁਣਨਾ ਪਏਗਾ। ਆਪ ਪ੍ਰਧਾਨ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਸੰਸਦ ਦੇ ਅਗਲੇ ਸੈਸਨ ਵਿਚ ਉਹ ਇਨ੍ਹਾਂ ਆਰਡੀਨੈਸਾਂ ਵਿਰੁਧ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਗੇ ਤੇ ਜੇਕਰ ਅਕਾਲੀ ਦਲ ਸਚਮੁਚ ਕਿਸਾਨ ਹਿਤੈਸ਼ੀ ਹੈ ਤਾਂ ਉਹ ਇਸ ਪ੍ਰਾਈਵੇਟ ਬਿੱਲ ਦਾ ਸਮਰਥਨ ਕਰਨ। ਅਕਾਲੀ ਸੁਪਰੀਮੋ ਵਲੋਂ ਆਪ ਉਪਰ ਕਾਂਗਰਸ ਦੀ ਬੀ ਟੀਮ ਹੋਣ ਦੇ ਲਗਾਏ ਜਾ ਰਹੇ ਦੋਸ਼ਾਂ 'ਤੇ ਟਿਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਾਂ ਦੀ 'ਏ' ਟੀਮ ਹੈ, ਜਿਹੜੀ ਜਨਤਾ ਦੇ ਹੱਕਾਂ ਲਈ ਲੜਦੀ ਰਹੇਗੀ।

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਵਿਰੋਧ ਕਰਦਿਆਂ ਆਪ ਆਗੂਆਂ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਨੂੰ ਚਲਾਉਣ ਲਈ ਸੰਘਰਸ਼ ਕਰੇਗੀ। ਉੁਤਰ ਪ੍ਰਦੇਸ਼ 'ਚ ਪੰਜਾਬੀ ਕਿਸਾਨਾਂ ਦੇ ਹੋ ਰਹੇ ਉਜਾੜੇ ਦੇ ਮੁੱਦੇ 'ਤੇ ਉਥੋਂ ਦਾ ਦੌਰਾ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਲਦੀ ਹੀ ਇਸ ਮੁੱਦੇ 'ਤੇ ਰੀਪੋਰਟ ਤਿਆਰ ਕਰ ਕੇ ਪ੍ਰਧਾਨ ਮੰਤਰੀ ਤੋਂ ਇਲਾਵਾ ਉਤਰ ਪ੍ਰਦੇਸ਼, ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੇਗੀ।

ਸ. ਚੀਮਾ ਨੇ ਮੁੱਖ ਸਕੱਤਰ ਨੂੰ ਬਦਲਣ ਦੇ ਮਾਮਲੇ 'ਤੇ ਟਿਪਣੀ ਕਰਦਿਆਂ ਦਾਅਵਾ ਕੀਤਾ ਕਿ ਇਸ ਦੇ ਨਾਲ 5600 ਕਰੋੜ ਰੁਪਏ ਦਾ ਘਪਲਾ ਨਹੀਂ ਲੁਕ ਸਕਦਾ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਸਰਾਬ ਦੀ ਵਿਕਰੀ ਦੇ ਮਾਮਲੇ ਦੀ ਹਾਈ ਕੋਰਟ ਦੇ ਸਿੰਟਿਗ ਜੱਜ ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਪਾਰਟੀ ਦੇ ਸੀਨੀਅਰ ਵਿਧਾਇਕ ਬੁਧ ਰਾਮ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸੀਨੀਅਰ ਆਗੂ ਅੰਮ੍ਰਿਤਲਾਲ ਅਗਰਵਾਲ, ਮਾਸਟਰ ਜਗਸੀਰ ਸਿੰਘ, ਨੀਲ ਗਰਗ ਆਦਿ ਹਾਜ਼ਰ ਸਨ।