ਵਧ ਸਕਦੀਆਂ ਹਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਦੀਆਂ ਮੁਸ਼ਕਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ-ਕੋਟਕਪੂਰਾ ਗੋਲੀ ਕਾਂਡ

Parkash Badal With Sukhbir Badal

ਚੰਡੀਗੜ੍ਹ, 26 ਜੂਨ (ਗੁਰਉਪਦੇਸ਼ ਭੁੱਲਰ) : ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਪਿਛਲੇ ਦਿਨਾਂ 'ਚ ਤਿੰਨ ਅਹਿਮ ਗ੍ਰਿਫ਼ਤਾਰੀਆਂ ਤੋਂ ਬਾਅਦ ਬਾਦਲਾਂ ਵੱਲ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਕਦਮ ਵਧਦੇ ਦਿਖਾਈ ਦੇ ਰਹੇ ਹਨ। ਇਸ ਗੱਲ ਦੇ ਸੰਕੇਤ ਜਾਂਚ ਕਰ ਰਹੇ ਸਿਟ ਦੇ ਮੈਂਬਰ ਅਤੇ ਆਈ.ਜੀ.  ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ (ਇੰਚਾਰਜ) ਫ਼ਰੀਦਕੋਟ ਨੂੰ ਅਰਜ਼ੀ ਦੇ ਨਿਰਪੱਖ ਜਾਂਚ ਲਈ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਰੀਦਕੋਟ ਸ੍ਰੀ ਹਰਵਿੰਦਰ ਸਿੰਘ ਸਿੰਧੀਆ ਨੂੰ ਇਨ੍ਹਾਂ ਕੇਸਾਂ ਤੋਂ ਵੱਖ ਕਰਨ ਦੀ ਅਪੀਲ ਕੀਤੀ ਹੈ। ਪਾਈ ਗਈ ਅਪੀਲ 'ਚ ਕੁੰਵਰ ਵਿਜੈ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਸਿਟ ਵਲੋਂ ਸਬੰਧਤ ਕੇਸਾਂ 'ਚ ਦੋਸ਼ੀਆਂ ਵਜੋਂ ਪਛਾਣ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਹੈ ਕਿ ਇਹ ਪਤਾ ਲੱਗਾ ਹੈ ਕਿ ਜੱਜ ਹਰਵਿੰਦਰ ਸਿੰਘ ਸਿੰਧੀਆ ਦੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਪ੍ਰਵਾਰਕ ਸਬੰਧ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ 'ਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵੀ ਹਨ, ਬਾਰੇ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਹਨ। ਇਸ ਸਬੰਧ ਵਿਚ ਥਾਣਾ ਬਾਜਾਖਾਨਾ ਵਿਚ ਐਫ਼.ਆਈ.ਆਰ. ਨੰ: 129/2015 ਅਤੇ 130/2015 ਅਤੇ 192/2015 ਅਤੇ 129/2018 ਥਾਣਾ ਸਿਟੀ ਕੋਟਕਪੂਰਾ ਵਿਖੇ ਦਰਜ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ। ਦੋ ਚਾਰਜਸ਼ੀਟਾਂ ਤੇ ਦੋ ਸਪਲੀਮੈਂਟਰੀ ਚਾਰਜਸੀਟਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਕੁੰਵਰ ਵਿਜੈ ਪ੍ਰਤਾਪ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਬੇਨਤੀ ਕੀਤੀ ਹੈ ਕਿ ਸਾਰੀਆਂ ਸਥਿਤੀਆਂ ਦੇ ਮੱਦੇਨਜ਼ਰ ਸਬੰਧਤ ਕੋਈ ਵੀ ਕੇਸ ਕਿਸੇ ਵੀ ਸਟੇਜ 'ਤੇ ਸੀ.ਜੀ.ਐਮ. ਹਰਿਵਿੰਦਰ ਸਿੰਘ ਸਿੰਧੀਆ ਨੂੰ ਨਿਆਂ ਦੇ ਹਿੱਤ ਵਿਚ ਨਾ ਦਿਤਾ ਜਾਵੇ।