ਵਿਨੀ ਮਹਾਜਨ ਬਣੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਨੇ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਹਟਾਇਆ

Vinni Mahajan

ਚੰਡੀਗੜ੍ਹ, 26 ਜੂਨ (ਗੁਰਉਪਦੇਸ਼ ਭੁੱਲਰ) : ਆਬਕਾਰੀ ਨੀਤੀ ਨੂੰ ਲੈ ਕੇ ਮੰਤਰੀਆਂ ਨਾਲ ਸਿੱਧੇ ਟਕਰਾਅ ਵਿਚ ਆਉਣ ਬਾਅਦ ਵਿਵਾਦਾਂ ਵਿਚ ਘਿਰੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿਤਾ ਹੈ। ਉਨ੍ਹਾਂ ਦੀ ਥਾਂ ਐਡੀਸ਼ਨਲ ਮੁੱਖ ਸਕੱਤਰ 1987 ਬੈਚ ਦੀ ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਨੂੰ ਸੂਬੇ ਦਾ ਨਵਾਂ ਮੁੱਖ ਸਕੱਤਰ ਲਾ ਦਿਤਾ ਹੈ।

ਜ਼ਿਕਰਯੋਗ ਹੈ ਕਿ ਉਹ ਪੰਜਾਬ ਦੇ ਪੁਲਸ ਮੁਖੀ ਡੀ.ਜੀ.ਪੀ. ਦਿਨਕਰ ਗੁਪਤਾ ਦੀ ਪਤਨੀ ਹੈ। ਵਿਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਬਣੀ ਹੈ। ਕਰਨ ਅਵਤਾਰ ਸਿੰਘ ਨੇ 31 ਅਗੱਸਤ ਨੂੰ ਰਿਟਾਇਰ ਹੋਣਾ ਸੀ ਪਰ ਉਸ ਨੂੰ ਦੋ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਵਲੋਂ ਮੁੱਖ ਸਕੱਤਰ ਦੇ ਅਹੁਦੇ ਤੋਂ ਫ਼ਾਰਗ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੰਤਰੀਆਂ ਨਾਲ ਟਕਰਾਅ ਤੋਂ ਬਾਅਦ ਪੈਦਾ ਹੋਏ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਦੇ ਦਖ਼ਲ ਬਾਅਦ ਕਰਨ ਅਵਤਾਰ ਸਿੰਘ ਨੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੰਤਰੀਆਂ ਤੋਂ ਮਾਫ਼ੀ ਮੰਗੀ ਸੀ।

ਇਸ ਤੋਂ ਪਹਿਲਾਂ ਮੰਤਰੀਆਂ ਨੇ ਮੁੱਖ ਸਕੱਤਰ ਦੀ ਮੀਟਿੰਗ ਦਾ ਬਾਈਕਾਟ ਕਰਨ ਬਾਅਦ ਉਸ ਨਾਲ ਮੰਤਰੀ ਮੰਡਲ ਵਿਚ ਨਾ ਬੈਠਣ ਦਾ ਐਲਾਨ ਕਰ ਦਿਤਾ ਸੀ। ਚਰਨਜੀਤ ਸਿੰਘ ਚੰਨੀ ਨਾਲ ਕਰਨ ਅਵਤਾਰ ਸਿੰਘ ਨੇ ਆਬਕਾਰੀ ਨੀਤੀ ਬਾਰੇ ਪ੍ਰੀ ਕੇਬਨਿਟ ਮੀਟਿੰਗ ਵਿਚ ਬਦਸਲੂਕੀ ਕੀਤੀ ਸੀ ਜਿਸ ਦੇ ਵਿਰੋਧ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਬਾਕੀ ਮੰਤਰੀਆਂ ਨੇ ਮੁੱਖ ਸਕੱਤਰ ਦਾ ਬਾਈਕਾਟ ਕੀਤਾ ਸੀ। ਅੱਜ ਆਖ਼ਰ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਪਰਸੋਨਲ ਵਿਭਾਗ ਵਲੋਂ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਅਤੇ ਵਿਨੀ ਮਹਾਜਨ ਦੀ ਉਨ੍ਹਾਂ ਦੀ ਥਾਂ ਨਿਯੁਕਤੀ ਦੇ ਲਿਖਤੀ ਹੁਕਮ ਜਾਰੀ ਕੀਤੇ।

ਜ਼ਿਕਰਯੋਗ ਹੈ ਕਿ ਕਰਨ ਅਵਤਾਰ ਸਿੰਘ ਨੂੰ ਤੁਰਤ ਮੁੱਖ ਸਕੱਤਰ ਅਹੁਦੇ ਤੋਂ ਫ਼ਾਰਗ ਕਰ ਦਿਤਾ ਗਿਆ ਅਤੇ ਵਿਨੀ ਮਹਾਜਨ ਨੇ ਬਾਅਦ ਦੁਪਹਿਰ ਨਵੇਂ ਅਹੁਦੇ ਦਾ ਚਾਰਜ ਵੀ ਸੰਭਾਲ ਲਿਆ ਹੈ। ਉਨ੍ਹਾਂ ਕੋਲ ਪ੍ਰਸੋਨਲ ਤੇ ਵਿਜੀਲੈਂਸ ਵਿਭਾਗ ਵੀ ਰਹਿਣਗੇ। ਕਰਨ ਅਵਤਾਰ ਸਿੰਘ ਹੁਣ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰਾ ਤੇ ਸ਼ਿਕਾਇਤਾਂ ਲਾਇਆ ਗਿਆ ਹੈ। ਕੇ.ਬੀ.ਐਸ. ਸਿੱਧੂ, ਸਤੀਸ਼ ਚੰਦਰਾ ਵਰਗੇ ਕਈ ਸੀਨੀਅਰ ਅਫ਼ਸਰਾਂ ਨੂੰ ਪਾਸੇ ਰੱਖ ਕੇ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਲਾਇਆ ਗਿਆ ਹੈ। ਵਿਨੀ ਮਹਾਜਨ ਦੀ ਕੋਵਿਡ-19 ਦੇ ਕੰਮਾਂ ਵਿਚ ਅਹਿਮ ਭੂਮਿਕਾ ਤੇ ਬੇਦਾਗ ਹੋਣ ਕਾਰਨ ਚੋਣ ਕੀਤੀ ਗਈ ਹੈ।

ਉਨ੍ਹਾਂ ਦੀ ਰਿਟਾਇਰਮੈਂਟ 31 ਅਗਸਤ 2024 ਵਿਚ ਹੈ। ਸ੍ਰੀ ਰਾਮ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਟ ਅਤੇ ਆਈ.ਆਈ.ਐਸ. ਕੋਲਕੱਤਾ ਤੋਂ ਐਮ.ਬੀ.ਏ. ਵਿਨੀ ਮਹਾਜਨ ਨੇ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਵੀ ਕੰਮ ਕੀਤਾ ਹੈ। ਉਹ ਪਿਛਲੇ ਸਮੇਂ ਵਿਚ ਸਿਹਤ ਅਤੇ ਪਰਵਾਰ ਕਲਿਆਣ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਤੋਂ ਇਲਾਵਾ ਕਈ ਵੱਡੇ ਮਹਿਕਮਿਆਂ ਵਿਚ ਬਾਖ਼ੂਬੀ ਜ਼ਿਮੇਵਾਰੀ ਨਿਭਾ ਚੁੱਕੇ ਹਨ। ਇਸ ਸਮੇਂ ਉਹ ਉਦਯੋਗ ਅਤੇ ਵਪਾਰ ਵਿਭਾਗ ਦਾ ਕੰਮ ਦੇਖ ਰਹੇ ਹਨ।