ਕੇਂਦਰ ਸਰਕਾਰ ਦੀ ਕਮਜ਼ੋਰ ਲੀਡਰਸ਼ਿਪ ਕਾਰਨ ਕੌਮਾਂਤਰੀ ਮੰਚ ਤੇ ਦੇਸ਼ ਦੀ ਸਾਖ ਨੂੰ ਖੋਰਾ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨੂੰ ਸਵਾਲ, ਤਣਾਅ ਵਾਲੇ ਮਾਹੌਲ ਵਿਚ ਨਿਹੱਥੇ ਸੈਨਿਕਾਂ ਨੂੰ ਗਲਵਾਨ ਘਾਟੀ 'ਚ ਕਿਉਂ ਭੇਜਿਆ?

Sunil Jakhar

ਚੰਡੀਗੜ੍ਹ, 26 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵਿਚ ਲੀਡਰਸ਼ਿਪ ਦੀ ਘਾਟ ਕਾਰਨ ਅੱਜ ਦੇਸ਼ ਦੀ ਕੌਮਾਂਤਰੀ ਮੰਚ ਦੇ ਸਾਖ਼ ਨੂੰ ਖੋਰਾ ਲੱਗ ਰਿਹਾ ਹੈ ਅਤੇ ਸਾਡੇ ਫ਼ੌਜੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।
ਅੱਜ ਇੱਥੇ ਸੈਕਟਰ-3 ਵਿਖੇ ਵਾਰ ਮੈਮੋਰੀਅਲ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਵੀਰ ਸਪੂਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਮੁਲਕ ਦੀਆਂ ਸੈਨਾਵਾਂ ਹਰ ਮੁਸ਼ਕਲ ਦਾ ਟਾਕਰਾ ਕਰਨ ਲਈ ਸਮੱਰਥ ਹਨ ਪਰ ਦੇਸ਼ ਦੀ ਸਰਕਾਰ ਦੀ ਢਿੱਲ ਕਾਰਨ ਸੈਨਾਵਾਂ ਅਤੇ ਦੇਸ਼ ਵਾਸੀਆਂ ਦਾ ਮਨੋਬਲ ਡਿੱਗ ਰਿਹਾ ਹੈ।

ਜਾਖੜ ਨੇ ਕਿਹਾ ਕਿ ਅਸੀਂ ਭਾਰਤੀ ਅਪਣੀਆਂ ਸਰਹੱਦਾਂ ਦੀ ਰਾਖੀ ਲਈ ਹਿੱਕ ਵਿਚ ਗੋਲੀਆਂ ਖਾ ਕੇ ਸ਼ਹੀਦੀ ਪ੍ਰਾਪਤ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ ਪਰ ਮੌਜੂਦਾ ਸਰਕਾਰ ਨਿਹੱਥੇ ਫ਼ੌਜੀਆਂ ਨੂੰ ਤਣਾਅ ਵਾਲੇ ਮਾਹੌਲ ਵਿਚ ਸ਼ਹੀਦ ਹੋਣ ਲਈ ਭੇਜ ਰਹੀ ਹੈ, ਜੋ ਕਿ ਸਵਿਕਾਰਯੋਗ ਨਹੀਂ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਹ ਮੁਲਕ ਦੇ ਅਵਾਮ ਸਾਹਮਣੇ ਸਪੱਸ਼ਟ ਕਰਨ ਕਿ ਜਦ ਸਰਕਾਰ ਨੂੰ ਪਤਾ ਸੀ ਕਿ ਗਲਵਾਨ ਘਾਟੀ ਵਿਚ ਤਣਾਅ ਹੈ ਅਤੇ ਕੁੱਝ ਦਿਨ ਪਹਿਲਾਂ ਵੀ ਉਥੇ ਦੁਸ਼ਮਣ ਨਾਲ ਝਪਟ ਹੋ ਕੇ ਹਟੀ ਹੈ

ਤਾਂ ਫਿਰ ਉਥੇ ਜਵਾਨਾਂ ਨੂੰ ਬਿਨਾਂ ਹਥਿਆਰਾਂ ਦੇ ਕਿਉਂ ਭੇਜਿਆ ਗਿਆ। ਜਾਖੜ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਗਿਆ ਦੇਸ਼ ਦੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਿਵੇਂ ਕਰ ਲਿਆ ਜਦਕਿ ਪ੍ਰਧਾਨ ਮੰਤਰੀ ਚੀਨੀ ਰਾਸ਼ਟਰਪਤੀ ਨਾਲ ਨੇੜਤਾ ਦੇ ਦਾਅਵੇ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਵੀ ਪੂਰਾ ਦੇਸ਼ ਤੇ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਸਰਕਾਰ ਦੇ ਨਾਲ ਹਨ ਕਿ ਉਹ ਯੋਗ ਫ਼ੈਸਲਾ ਲਵੇ ਪਰ ਕੇਂਦਰ ਸਰਕਾਰ ਦੀ ਕਮਜ਼ੋਰੀ ਦੇਸ਼ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਹੈ।

ਇਸ ਮੌਕੇ ਕੈਬਟਿਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਹਰਜੋਤ ਕਮਲ, ਦਵਿੰਦਰ ਘੁਬਾਇਆ, ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜੀਰਾ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ ਬਠਿੰਡਾ ਆਦਿ ਵੀ ਹਾਜ਼ਰ ਸਨ।