ਮਹਾਰਾਸ਼ਟਰ ਤੇ ਤਾਮਿਲਨਾਡੂ ’ਚ ਕੋਰੋਨਾ ਦੇ ‘ਡੈਲਟਾ ਪਲੱਸ ਵੇਰੀਐਂਟ’ ਨਾਲ ਪਹਿਲੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮਹਾਰਾਸ਼ਟਰ ਤੇ ਤਾਮਿਲਨਾਡੂ ’ਚ ਕੋਰੋਨਾ ਦੇ ‘ਡੈਲਟਾ ਪਲੱਸ ਵੇਰੀਐਂਟ’ ਨਾਲ ਪਹਿਲੀ ਮੌਤ

image

ਮੁੰਬਈ, 26 ਜੂਨ : ਮਹਾਰਾਸ਼ਟਰ ’ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਮੌਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਤਨਾਗਿਰੀ ’ਚ ਇਕ 80 ਸਾਲਾ ਬਜ਼ੁਰਗ ਜਨਾਨੀ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਵਿਚਕਾਰ ਮਹਾ ਵਿਕਾਸ ਅਘਾੜੀ ਸਰਕਾਰ ਨੇ ਸ਼ੁੱਕਰਵਾਰ ਨੂੰ ਪੂਰੇ ਮਹਾਰਾਸ਼ਟਰ ’ਚ ਲੈਵਲ-3 ਨਿਯਮਾਂ ਨੂੰ ਲਾਗੂ ਕਰਨ ਦੇ ਨਾਲ ਹੀ ਸਖ਼ਤ ਪਾਬੰਦੀਆਂ ਲਗਾਉਣ ਦੇ ਸੰਕੇਤ ਦਿਤੇ ਹਨ। ਐੱਫ.ਡੀ.ਏ. ਮੰਤਰੀ ਡਾ. ਰਾਜੇਂਦਰ ਸ਼ਿੰਗਨੇ ਨੇ ਚਿਤਾਵਨੀ ਦਿੱਤੀ ਹੈ ਕਿ ਸੰਭਾਵਿਤ ਤੀਜੀ ਲਹਿਰ ’ਚ 50 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ’ਚੋਂ ਲਗਭਗ 8 ਲੱਖ ਸਰਗਰਮ ਮਾਮਲੇ ਹੋਣਗੇ ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਨ ਦੀ ਲੋੜ ਹੋਵੇਗੀ। 
ਚੇਨਈ, 26 ਜੂਨ : ਤਾਮਿਲਨਾਡੂ ਦੇ ਮਦੁਰੈ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਦੇ ‘ਡੈਲਟਾ ਪਲੱਸ’ ਵੇਰੀਐਂਟ ਦੇ ਸੰਕਰਮਣ ਕਾਰਨ ਮੌਤ ਹੋ ਗਈ। ਪ੍ਰਦੇਸ਼ ’ਚ ਡੈਲਟਾ ਰੂਪ ਦੇ ਸੰਕਰਮਣ ਕਾਰਨ ਮੌਤ ਦਾ ਇਹ ਪਹਿਲਾ ਮਾਮਲਾ ਹੈ। ਰਾਜ ਦੇ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿਤੀ। ਤਾਮਿਲਾਡੂ ਦੇ ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਐਮ. ਸੁਬਰਮਣੀਅਮ ਨੇ ਕਿਹਾ ਕਿ ‘ਡੈਲਟਾ ਪਲੱਸ’ ਰੂਪ ਦੇ ਤਿੰਨ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 2 ਸੰਕਰਮਣ ਤੋਂ ਠੀਕ ਹੋ ਚੁਕੇ ਹਨ।  ਡੈਲਟਾ ਪਲੱਸ ਰੂਪ ਨਾਲ ਜੋ ਲੋਕ ਸੰਕ੍ਰਮਿਤ ਪਾਏ ਗਏ ਹਨ, ਉਨ੍ਹਾਂ ’ਚ ਚੇਨਈ ਦੇ 32 ਸਾਲ ਦੀ ਇਕ ਨਰਸ ਅਤੇ ਕਾਂਚੀਪੁਰਮ ਜ਼ਿਲ੍ਹੇ ਦਾ ਇਕ ਵਿਅਕਤੀ ਸ਼ਾਮਲ ਹੈ। ਉਨ੍ਹਾਂ ਕਿਹਾ,ਮਦੁਰੈ ਦੇ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਸ ਦੀ ਜਾਂਚ ’ਡੈਲਟਾ ਪਲੱਸ’ ਦੇ ਰੂਪ ਦੇ ਸੰਕਰਮਣ ਦੀ ਪੁਸ਼ਟੀ ਹੋਈ ਸੀ।’’ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਸ਼ੁੱਕਰਵਾਰ ਨੂੰ ‘ਡੈਲਟਾ ਪਲੱਸ’ ਰੂਪ ਦੇ ਸੱਭ ਤੋਂ ਵੱਧ 20 ਮਾਮਲੇ ਮਹਾਰਾਸ਼ਟਰ ਤੋਂ ਹਨ। ਇਸ ਤੋਂ ਬਾਅਦ ਤਾਮਿਲਨਾਡੂ ’ਚ 9 ਲੋਕਾਂ ’ਚ ਇਸ ਰੂਪ ਨਾਲ ਸੰਕਰਮਣ ਦੀ ਪੁਸ਼ਟੀ ਹੋਈ ਹੈ। (ਏਜੰਸੀ)