ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਬਾਦਲਾਂ ਖਿਲਾਫ਼ ਕੱਢੀ ਭੜਾਸ, ਕਿਸਾਨਾਂ ਬਾਰੇ ਵੀ ਕਹੀ ਵੱਡੀ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਦੀ ਘਟਨਾ ਦੇ ਪਿੱਛੇ ਬਾਦਲਾਂ ਦੀ ‘ਰਾਜਨੀਤਿਕ ਦਖਲਅੰਦਾਜ਼ੀ ਅਤੇ ਵੋਟਾਂ ਦਾ ਧਰੁਵੀਕਰਨ ਹੈ। 

Navjot sidhu

 ਚੰਡੀਗੜ੍ਹ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਟਵੀਟ ਕਰਦੇ ਰਹਿੰਦੇ ਹਨ। ਨਵਜੋਤ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਬੇਅਦਬੀ ਮਾਮਲੇ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਹਨ। ਅੱਜ ਵੀ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਬਾਦਲਾਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਤੇ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਦੀ ਘਟਨਾ ਦੇ ਪਿੱਛੇ ਬਾਦਲਾਂ ਦੀ ‘ਰਾਜਨੀਤਿਕ ਦਖਲਅੰਦਾਜ਼ੀ ਅਤੇ ਵੋਟਾਂ ਦਾ ਧਰੁਵੀਕਰਨ ਹੈ। 

ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ’ਤੇ ਦੋਸ਼ ਲਗਾਏ ਕਿ ਬਾਦਲਾਂ ਨੇ 2007 ਤੋਂ ਲੈ ਕੇ 2014 ਤੱਕ ਡੇਰਾ ਸਾਧ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਅਦਾਲਤ 'ਚ ਕੋਈ ਚਲਾਨ ਪੇਸ਼ ਨਹੀਂ ਕੀਤਾ ਸਗੋਂ ਉਸ ਸਮੇਂ ਬਾਦਲਾਂ ਨੇ ਉਲਟਾ ਉਸ ਖ਼ਿਲਾਫ਼ ਦਰਜ ਹੋਈ ਐੱਫ.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਦਿੱਤੇ। 

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਹੈ, ਜੋ ਕਿਸਾਨਾਂ ਦੇ ਸਬੰਧ ’ਚ ਹੈ। ਸਿੱਧੂ ਨੇ  ਟਵੀਟ ਕਰਦੇ ਹੋਏ ਕਿਹਾ ਕਿ ‘ਐੱਮ.ਐੱਸ.ਪੀ. ਨੂੰ ਕਾਨੂੰਨੀ ਆਧਾਰ ਦੇਣ ’ਤੇ ਐੱਮ.ਐੱਸ.ਪੀ. ਨੂੰ ਕੁੱਲ ਖੇਤੀ ਲਾਗਤ (ਸਵਾਮੀਨਾਥਨ ਕਮੇਟੀ ਦਾ C2 ਫਾਰਮੂਲਾ) ਤੋਂ 50 ਫੀਸਦੀ ਵੱਧ ਕਰਨ ਤੋਂ ਮੁੱਕਰੀ ਕੇਂਦਰ ਸਰਕਾਰ ਅੱਕ ਕੇ ਕਿਸਾਨਾਂ 'ਤੇ ਹਿੰਸਕ ਹਮਲੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹਿੱਤਾਂ ਲਈ ਧੱਕੇ ਨਾਲ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਚੱਕਰਵਿਊ 'ਚੋਂ ਨਿਕਲਣ ਦਾ ਇੱਕੋ-ਇੱਕ ਰਾਹ ਅਤੇ ਇਕੋ-ਇੱਕ ਹੱਲ ਉਹੀਂ ਹੈ, ਜੋ ਮੈਂ ਪ੍ਰੋਗਰਾਮ 2017 'ਚ ਪਹਿਲੀ ਵਾਰ “ਪੰਜਾਬ ਕੈਬਨਿਟ ਦੀ ਹੱਕ ਕਮੇਟੀ” ਵਿੱਚ ਸੁਝਾਇਆ ਸੀ।