ਜੌਲੀਆਂ ਵਿਖੇ ਪੰਥਕ ਜਥੇਬੰਦੀਆਂ ਵਲੋਂ ਬੇਅਦਬੀ ਕਾਂਡ ਵਿਰੁਧ ਰੋਸ ਕਾਨਫ਼ਰੰਸ
ਜੌਲੀਆਂ ਵਿਖੇ ਪੰਥਕ ਜਥੇਬੰਦੀਆਂ ਵਲੋਂ ਬੇਅਦਬੀ ਕਾਂਡ ਵਿਰੁਧ ਰੋਸ ਕਾਨਫ਼ਰੰਸ
ਭਵਾਨੀਗੜ੍ਹ, 26 ਜੂਨ (ਗੁਰਪ੍ਰੀਤ ਸਿੰਘ ਸਕਰੌਦੀ): ਨੇੜਲੇ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਦੀ ਘਟਨਾ ਦੇ ਰੋਸ ਵਜੋਂ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕਾਨਫ਼ਰੰਸ ਕੀਤੀ ਗਈ |
ਇਸ ਮੌਕੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਅਮਰੀਕ ਸਿੰਘ ਅਜਨਾਲਾ, ਜਗਸੀਰ ਸਿੰਘ ਦਮਦਮਾ ਸਾਹਿਬ, ਮਲਕੀਤ ਸਿੰਘ ਭਵਾਨੀਗੜ੍ਹ, ਕੁਲਵੰਤ ਸਿੰਘ ਜੌਲੀਆਂ, ਪਰਮਜੀਤ ਸਿੰਘ ਸਹੌਲੀ, ਮਿੱਠੂ ਸਿੰਘ ਕਾਨੇਕੇ, ਕਸ਼ਮੀਰਾ ਸਿੰਘ, ਅਮਰਜੀਤ ਸਿੰਘ ਭੰਗੂਆਂ ਅਤੇ ਬਚਿੱਤਰ ਸਿੰਘ ਸੰਗਰੂਰ ਆਦਿ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬਣਦੀ ਸਜ਼ਾ ਨਾ ਮਿਲਣ ਕਾਰਨ ਇਹ ਹਿਰਦੇਵੇਧਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਥਕ ਹਲਕਿਆਂ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਰਿਹਾ | ਬੁਲਾਰਿਆਂ ਨੇ ਮੰਗ ਕੀਤੀ ਕਿ ਬੇਅਦਬੀ ਕਾਂਡ ਕਰਨ ਵਾਲੀ ਔਰਤ ਦੀ ਸਖਤੀ ਨਾਲ ਪੁੱਛ ਪੜਤਾਲ ਕਰ ਕੇ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ | ਇਸ ਮੌਕੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ, ਗੁਰਬਚਨ ਸਿੰਘ ਬਚੀ, ਨਰਿੰਦਰ ਕੌਰ ਭਰਾਜ ਅਤੇ ਪਰਸ਼ੋਤਮ ਸਿੰਘ ਫੱਗੂਵਾਲਾ ਹਾਜ਼ਰ ਸਨ |
ਅਖੀਰ ਵਿਚ ਬਚਿੱਤਰ ਸਿੰਘ ਸੰਗਰੂਰ, ਕੁਲਵੰਤ ਸਿੰਘ ਜੌਲੀਆਂ, ਪਵਿੱਤਰ ਸਿੰਘ ਸਰਪੰਚ ਜੌਲੀਆਂ, ਰਜਿੰਦਰ ਸਿੰਘ ਛੰਨਾ ਅਤੇ ਅਮਰਜੀਤ ਸਿੰਘ ਭੰਗੂਆਂ 'ਤੇ ਆਧਾਰਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਜੋ ਇਸ ਘਟਨਾ ਦੀ ਪੜਤਾਲ ਸਬੰਧੀ ਪ੍ਰਸਾਸ਼ਨ ਨਾਲ ਤਾਲਮੇਲ ਰੱਖੇਗੀ | 2 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾ ਕੇ 4 ਜੁਲਾਈ ਨੂੰ ਭੋਗ ਉਪਰੰਤ ਪਸ਼ਚਾਤਾਪ ਸਮਾਗਮ ਹੋਵੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਸਿਕੰਦ ਐਸਪੀ ਸੰਗਰੂਰ, ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ੍ਹ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਸੀ |