ਟਿਕੈਤ ਨੇ ਕਿਹਾ ਅਜੇ ਨਹੀਂ ਮੰਨੇਗੀ ਸਰਕਾਰ, ਅੰਦੋਲਨ ਲੰਮਾ ਚੱਲੇਗਾ, 43 ਮਹੀਨਿਆਂ ਤਕ ਵੀ ਡਟੇ ਰਹਿਣਗੇ

ਏਜੰਸੀ

ਖ਼ਬਰਾਂ, ਪੰਜਾਬ

ਟਿਕੈਤ ਨੇ ਕਿਹਾ ਅਜੇ ਨਹੀਂ ਮੰਨੇਗੀ ਸਰਕਾਰ, ਅੰਦੋਲਨ ਲੰਮਾ ਚੱਲੇਗਾ, 43 ਮਹੀਨਿਆਂ ਤਕ ਵੀ ਡਟੇ ਰਹਿਣਗੇ ਕਿਸਾਨ

image

ਨਵੀਂ ਦਿੱਲੀ, 26 ਜੂਨ : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਪਿਛਲੇ ਸਾਲ 26 ਨਵੰਬਰ ਨੂੰ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਇਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਸਰਕਾਰ ਵਿਰੁਧ ਲਾਮਬੰਦ ਹੋਈਆਂ ਹਨ। ਵੱਡੀ ਗਿਣਤੀ ਵਿਚ ਕਿਸਾਨ ਅਪਣੇ ਟਰੈਕਟਰਾਂ ਨਾਲ ਦਿੱਲੀ-ਯੂਪੀ ਗਾਜੀਪੁਰ ਸਰਹੱਦ ’ਤੇ ਪਹੁੰਚ ਗਏ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪਸ਼ਟ ਕਰ ਦਿਤਾ ਹੈ ਕਿ ਕਿਸਾਨ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹਨ। 
ਉਨ੍ਹਾਂ ਕਿਹਾ ਕਿ ਇਹ ਲਹਿਰ ਲੰਮੇ ਸਮੇਂ ਤਕ ਜਾਰੀ ਰਹੇਗੀ। ਕਿਸਾਨ 43 ਮਹੀਨੇ ਤਕ ਅੰਦੋਲਨ ਜਾਰੀ ਰਖਣਗੇ। ਇਹ ਸਰਕਾਰ ਤਿੰਨ ਸਾਲਾਂ ਵਿਚ ਠੀਕ ਹੋ ਜਾਵੇਗੀ। ਜਦੋਂ ਟਿਕੈਤ ਨੂੰ ਇਹ ਪੁਛਿਆ ਗਿਆ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸਿਰਫ ਕਿਸਾਨ ਹੀ ਅੰਦੋਲਨ ਵਿਚ ਹਿੱਸਾ ਲੈ ਰਹੇ ਹਨ, ਤਾਂ ਉਨ੍ਹਾਂ ਕਿਹਾ, “ਪੂਰੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਹਨ। ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਕਿਸਾਨ ਸਰਕਾਰ ਦੀ ਇਸ ਯੋਜਨਾ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਬਿਹਾਰ ਦੇ ਕਿਸਾਨ ਵੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ। ਬਿਹਾਰ ਵਿਚ ਮੰਡੀਆਂ ਖ਼ਤਮ ਕਰ ਦਿਤੀਆਂ ਗਈਆਂ। ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। 10-10 ਏਕੜ ਜ਼ਮੀਨ ਵਾਲੇ ਕਿਸਾਨ ਕੰਮ ਕਰਨ ਲਈ ਮਜਬੂਰ ਹਨ। ਸਰਕਾਰ ਲੋਕਾਂ ਤੋਂ ਹੈ .. ਕਿਸਾਨ ਪਰਮਾਨੈਂਟ ਰਹੇਗਾ .. ਸਰਕਾਰ ਸਥਾਈ (ਪਰਮਾਨੈਂਟ ) ਨਹੀਂ ਰਹੇਗੀ.. ਹੁਣ ਉਹ ਕਾਨੂੰਨ ਵਾਪਸ ਕਰਨ ਦਾ ਨਾਹਰਾ ਬੁਲੰਦ ਕਰ ਰਹੇ ਹਨ, ਕੀ ਤੁਸੀਂ ਸੱਤਾ ਦੀ ਵਾਪਸੀ ਦਾ ਨਾਹਰਾ ਬੁਲੰਦ ਕਰਨਾ ਚਾਹੁੰਦੇ ਹੋ?  (ਏਜੰਸੀ)