ਪੰਥਕ ਦ੍ਰਿਸ਼ਟੀ ਤੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਦੀ ਸਮੀਖਿਆ, ਰਾਜਨੀਤਕ ਪ੍ਰਭਾਵ ਤੇ ਪੰਥਕ ਪ੍ਰਸੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪਰਿਵਾਰ ਅਤੇ ਢੀਂਡਸਿਆਂ ਦੇ ਪਰਿਵਾਰ ਨੇ ਵਕਤ ਦੀ ਦਿਵਾਰ ਤੇ ਲਿਖੀ ਇਬਾਰਤ ਅਤੇ ਉਸਦੇ ਉੱਘੜਵੇਂ ਸੰਦੇਸ਼ ਨੂੰ ਪੜ੍ਹ ਹੀ ਲਿਆ ਹੋਣਾ ਹੈ।

Bir Devinder Singh

 

ਸੰਗਰੂਰ - ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਕਾਂਟੇ ਦੀ ਟੱਕਰ ਦਾ ਨਤੀਜਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਗਿਆ ਹੈ। ਇਸ ਫ਼ੈਸਲਾਕੁੰਨ ਜਿੱਤ ਲਈ ਉਹ ਮੁਬਾਰਕ ਦੇ ਮੁਸਤਹੱਕ ਹਨ। ਇਸ ਜ਼ਿਮਨੀ ਚੋਂਣ ਦਾ ਪਰਿਣਾਮ, ਪੰਜਾਬ ਦੀ ਰਾਜਨੀਤੀ ਲਈ ਅਤੇ ਵਿਸ਼ੇਸ਼ ਕਰਕੇ ਪੰਥਕ ਰਾਜਨੀਤੀ ਲਈ ਬੇਹੱਦ ਨਿਰਨੇਵਾਚਕ ਤੇ ਅਰਥ ਭਰਪੂਰ ਹੈ। ਇਸ ਦੇ ਤੁਰੰਤ ਪ੍ਰਭਾਵਾਂ ਵਿਚ,  ਪੰਥਕ ਰਾਜਨੀਤੀ ਦੇ ਮੁਕੰਮਲ ਰੂਪ ਪਰਿਵਰਤਨ ਦੀ ਪਰਿਕਿਰਿਆ ਸ਼ੁਰੂ ਕਰਨ ਦੇ ਸੰਭਾਵਨਾ ਦਰਸਾਊ ਅੰਸ਼ ਤੇ ਡੂੰਘੇ ਸੰਕੇਤ ਮੌਜੂਦ ਹਨ, ਜੋ ਪੰਜਾਬ ਵਿਚ ਪੰਥਕ ਪੱਧਤੀ ਦੀ ਰਾਜਨੀਤੀ ਦੀ ਪੁਨਰ ਸੁਰਜੀਤੀ ਲਈ ਸਹਾਈ ਹੋ ਸਕਦੇ ਹਨ। 

ਬਾਦਲ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਦੇ ਪੰਜਵੇਂ ਨੰਬਰ ਤੇ ਆਉਂਣ ਨਾਲ ਅਤੇ ਉਸਦੀ ਜ਼ਮਾਨਤ ਜ਼ਬਤ ਹੋਣ ਨਾਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਂਦ ਹਾਸ਼ੀਏ ਤੇ ਚਲੀ ਗਈ ਹੈ। ਇਹ ਤਾਂ ਹੁਣ ਕੋਈ ਕਹਿਣ-ਸੁਨਣ ਵਾਲੀ ਗੱਲ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਦੇ ਲੋਕਾਂ ਨੇ,  ਉਨ੍ਹਾਂ ਦੇ ਦਸ ਸਾਲ ਦੇ ਰਾਜ ਵਿੱਚ ਕੀਤੇ ਗਏ ਬੱਜਰ ਗੁਨਾਹਾਂ ਲਈ, ਕਤੱਈ ਮੁਆਫ਼ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਕੀਤੇ ਗਏ ਖਿਲਵਾੜ ਦਾ ਕਲੰਕ, ਬਾਦਲਾ ਦੇ ਮੱਥੇ ਉੱਤੋਂ , ਕਦੇ ਵੀ ਮਿਟ ਨਹੀਂ ਸਕੇਗਾ ਅਤੇ ਇਹ ਇੱਕ ਅਜਿਹਾ ਸਰਾਪ ਹੈ, ਜੋ ਉਨ੍ਹਾਂ ਨੂੰ ਉਮਰ ਦੇ ਆਖਰੀ ਵਕਤ ਤੱਕ ਜ਼ਲੀਲ ਕਰਦਾ ਰਹੇਗਾ।

ਇੱਥੇ ਇਹ ਤਸ਼ਰੀਹੀ ਜ਼ਿਕਰ ਜ਼ਰੂਰੀ ਹੈ ਕਿ ਜਿਸ ਕਦਰ ਬਾਦਲਾਂ ਦੀ ਪਾਰਟੀ ( ਸ਼੍ਰੋਮਣੀ ਅਕਾਲੀ ਦਲ (ਬ) ਹਾਸ਼ੀਏ ਵਿੱਚ ਚਲੀ ਗਈ ਹੈ, ਉਸ ਨਾਲ  ਇੱਕ ਹੋਰ ਪੰਥਕ ਖੇਤਰੀ ਪਾਰਟੀ ਦੇ ਉਭਾਰ ਦੇ  ਆਸਾਰ ਪੰਜਾਬ ਵਿੱਚ ਬਣ ਗਏ ਹਨ।ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਂਣ ਦੇ ਨਤੀਜਿਆਂ ਦੇ ਰਾਜਨੀਤਕ ਪ੍ਰਭਾਵਾਂ ਦਾ ਬਹੁਪੱਖੀ ਵਿਸ਼ਲੇਸ਼ਣ ਕਰਕੇ, ਪੰਥਕ ਵਿਚਾਰਾਂ ਤੇ ਅਧਾਰਿਤ ਰਾਜਨੀਤੀ, ਜਿਸ ਨੂੰ ‘ਬਾਦਲਾਂ’ ਨੇ ਆਪਣੇ ਨਿੱਜੀ ਮੁਫ਼ਾਦਾਂ ਲਈ ਦਫ਼ਨ ਕਰ ਦਿੱਤਾ ਸੀ, ਉਸ ਪੰਥਕ ਰਾਜਨੀਤੀ ਨੂੰ ਸਹੀ ਦਿਸ਼ਾ ਤੇ ਤਰਤੀਬ ਦੇ ਕੇ, ਉਸਦੀ ਪੁਨਰ ਸੁਰਜੀਤੀ ਲਈ ਲੁੜੀਂਦੇ ਕਦਮ ਚੁੱਕਣੇ,  ਹੁਣ ਸਮੁੱਚੀ ਸਿੱਖ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ; ਸਿੱਖ ਕੌਮ ਦੀ ਵਿਲੱਖਣ ਦਿੱਖ ਤੇ ਅੱਡਰੀ ਹੋਂਦ-ਹਸਤੀ ਨੂੰ ਕਾਇਮ ਰੱਖਣ ਲਈ ਇਹ ਸਮੂਹਿਕ ਅਮਲ, ਅਤੀ ਜ਼ਰੂਰੀ ਹੈ।

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਨਤੀਜੇ  ਨੇ, ਸਿੱਖ ਕੌਮ ਲਈ ਇੱਕ ਅਜਿਹਾ ਮੌਕਾ ਪੈਦਾ ਕੀਤਾ ਹੈ, ਜਿਸਦੇ ਪ੍ਰਭਾਵ ਨੂੰ, ਪੰਥਕ ਵਿਚਾਰਧਾਰਾ ਦੇ ਪਸਾਰ, ਜਥੇਬੰਦਕ ਵਿਸਤਾਰ ਅਤੇ ਨਵੀਂ ਕਤਾਰਬੰਦੀ ਲਈ,  ਸਮਾਂ ਰਹਿੰਦਿਆਂ ਉਪਯੋਗਤਾ ਵਿੱਚ ਲਿਆਉਂਣਾ ਚਾਹੀਦਾ ਹੈ। ਕੌਮਾਂ ਦੇ ਇਤਿਹਾਸ ਵਿੱਚ ਅਜਿਹੇ ਮੌਕੇ ਕਦੇ-ਕਦੇ ਆਉਂਦੇ ਹਨ ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਸਵੈ-ਨਿਰੀਖਣ ਕਰਦੀਆਂ ਹਨ ਅਤੇ ਆਉਂਣ ਵਾਲੇ ਸਮੇਂ ਲਈ ਸਜੱਗ ਹੁੰਦੀਆਂ ਹਨ। ਵਕਤ ਬੜਾ ਬਲਵਾਨ ਹੈ, ਇਹ ਕਦੇ ਵੀ ਖਲੋ ਕੇ ਕਿਸੇ ਦੀ ਉਡੀਕ ਨਹੀਂ ਕਰਦਾ, ਵਕਤ ਦੀ ਚਾਲ ਨਾਲ ਸੁਰ-ਤਾਲ ਤਾਂ ਮਨੁੱਖ ਨੂੰ ਖੁਦ ਹੀ ਬਿਠਾਉਂਣਾ ਪੈਂਦਾ ਹੈ। ਕਿਸੇ ਸ਼ਾਇਰ ਨੇ ਖ਼ੂਬ ਕਿਹਾ ਹੈ ਕਿ;

ਖੁਦਾ ਨੇ ਕਭੀ ਭੀ, ਉਸ ਕੌਮ ਕੀ ਹਾਲਤ ਨਹੀਂ ਬਦਲੀ,
ਨਾ ਹੋ ਖੁਦ ਖ਼ਿਆਲ ਜਿਸ ਕੋ, ਅਪਨੀ ਹਾਲਤ ਬਦਲਨੇ ਕਾ।

ਉਮੀਦ ਹੈ ਕਿ ਬਾਦਲ ਪਰਿਵਾਰ ਅਤੇ ਢੀਂਡਸਿਆਂ ਦੇ ਪਰਿਵਾਰ ਨੇ ਵਕਤ ਦੀ ਦਿਵਾਰ ਤੇ ਲਿਖੀ ਇਬਾਰਤ ਅਤੇ ਉਸਦੇ ਉੱਘੜਵੇਂ ਸੰਦੇਸ਼ ਨੂੰ ਪੜ੍ਹ ਹੀ ਲਿਆ ਹੋਣਾ ਹੈ। ਇਸ ਲਈ ਉਸ ਸੁਨੇਹੇ ਦੀ ਰੌਸ਼ਨੀ ਵਿੱਚ ਹੁਣ ਸਮੇਂ ਦੀ ਮੰਗ ਹੈ, ਕਿ ਬਾਦਲ ਅਤੇ ਢੀਂਡਸਿਆਂ ਨੂੰ ਆਪਣੇ-ਆਪਣੇ ਦਲ  ਭੰਗ ਕਰ ਕੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਕਬੂਲ ਕਰ ਲੈਣੀ ਚਾਹੀਦੀ ਹੈ। ਕਿਉਂਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ, ਨੇ ਇਹ ਲਗਪਗ ਸਪਸ਼ਟ ਕਰ ਦਿੱਤਾ ਹੈ ਕਿ ਪੰਥਕ ਪੱਧਤੀ ਦੀ ਰਾਜਨੀਤੀ ਦੀ ਅਗਵਾਈ ਲਈ, ਸਿੱਖ ਕੌਮ ਹੁਣ ਨਿਰਨਾਇਕ ਤੌਰ ਤੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲੀਡਰਸ਼ਿੱਪ  ਵੱਲ ਦੇਖ ਰਹੀ ਹੈ।

ਪੰਜਾਬ ਦੇ ਲੋਕਾਂ ਨੇ, ਅਰਵਿੰਦ ਕੇਜਰੀਵਾਲ ਦੀਆਂ ਆਪਹੁਦਰੀਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਹੈ। ਇਹ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ , ਕਿ ਜਿਸ ਤਰ੍ਹਾਂ ਪੰਜਾਬ ਦੀਆਂ ਸਾਰੀਆ ਰਾਜ ਸਭਾ ਦੀਆਂ ਸੀਟਾਂ ਦੀ ਸੌਦੇਬਜ਼ੀ ਕਰਕੇ, ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇੱਕ ‘ਭੇਢਾਂ ਦਾ ਇੱਜੜ’ ਸਮਝਕੇ, ਉਨ੍ਹਾਂ ਦੇ ਸਵੈਮਾਨ ਦਾ ਮੂੰਹ ਚਿੜਾਇਆ ਹੈ ਅਤੇ ਉਸ ਵੱਲੋਂ ਹਰ ਸੰਭਵ ਤਰੀਕੇ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਹੀ ਪੰਜਾਬ ਦਾ ਅਤਿ ਮਹੱਤਵਪੂਰਨ, ਸ੍ਰਵਉਚਤਮ ਤੇ ਪ੍ਰਭੁੱਤਾ ਸੰਪੰਨ, ਪੰਜਾਬ ਪ੍ਰਮੁੱਖ ਹੈ   ਤੇ ਉਹ (ਕੇਜਰੀਵਾਲ) ਹੀ ਪੰਜਾਬ ਦਾ ਸੁਪਰ ਮੁੱਖ ਮੰਤਰੀ ਹੈ ਤੇ ਭਗਵੰਤ ਮਾਨ ਤਾਂ ਮਹਿਜ਼ ਉਸ ਦੀ ਇੱਕ ਰਬੜ ਦੀ ਮੋਹਰ ਹੈ।

ਇਹ ਪ੍ਰਭਾਵ ਉਸ ਵੇਲੇ ਹੋਰ ਵੀ ਪੱਕਾ ਹੋ ਗਿਆ ਸੀ, ਜਦੋਂ ਪਿਛਲੇ ਦਿਨੀਂ ਸੰਗਰੂਰ ਲੋਕ ਸਭਾ ਹਲਕੇ ਵਿੱਚ, ਇੱਕ ਰੋਡ ਸ਼ੋਅ ਸਮੇਂ, ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ, ਦਿੱਲੀ ਦੇ ਕੇਂਦਰੀ ਪ੍ਰਦੇਸ਼ ਦੇ ਮੁੱਖ ਮੰਤਰੀ, ਕੇਜਰੀਵਾਲ ਦੀ ਕਾਰ ਦੀ ਬਾਰੀ ਨਾਲ, ਇੱਕ ਗੰਨਮੈਨ ਵਾਂਗ ਲਟਕ ਰਿਹਾ ਸੀ। ਇਹ ਵਰਤਾਰਾ ਪੰਜਾਬ ਦੇ ਲੋਕਾਂ ਲਈ, ਭਦੌੜ ਹਲਕੇ ਵਿੱਚ ਸੜਕ ਦੇ ਕਿਨਾਰੇ, ਮੁੱਖ ਮੰਤਰੀ ਚੰਨੀ ਵੱਲੋਂ ‘ਬੱਕਰੀ ਚੋਣ’ ਦੇ ਹਾਸੋਹੀਣੇ ਵਰਤਾਰੇ ਨਾਲੋਂ ਵੀ, ਕਿਤੇ  ਵੱਧ ਹਤਕ-ਅੰਗੇਜ਼ ਸੀ, ਜਿਸ ਨੇ ਪੰਜਾਬੀਆਂ ਦੀ ਅਣਖ ਤੇ ਸਵੈਮਾਣ ਨੂੰ ਵਲੂੰਦਰ ਕੇ ਰੱਖ ਦਿੱਤਾ।ਮੈਂ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਆਮ ਆਦਮੀ ਪਾਰਟੀ ਦੀ ੩,੮੫,੦੦੦ ਵੋਟ ਤਾਂ ਉਸੇ ਵੇਲੇ ਹੀ ਉੱਡ ਗਈ ਸੀ ਜਦੋਂ, ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਕਾਰ ਦੀ ਬਾਰੀ ਨਾਲ, ਇੱਕ ਗੰਨਮੈਨ ਵਾਂਗ ਲਟਕਦਿਆਂ ਵੇਖਿਆ ਸੀ।

ਕੇਜਰੀਵਾਲ ਦੇ ਇਸ ਹੰਕਾਰੀ ਅਮਲਾਂ ਨੂੰ ਅਤੇ ਉਸਦੀ ਆਪੂੰ ਸੰਭਾਲੀ, ਪੰਜਾਬ ਦੀ ਲੰਬੜਦਾਰੀ ਨੂੰ ਪੰਜਾਬ ਦੇ ਲੋਕਾ ਨੇ, ਹਕਾਰਤ ਨਾਲ ਰੱਦ ਕਰ ਦਿੱਤਾ ਹੈ।ਇੱਕ ਸੁਨੇਹਾ ਤਾਂ ਪੰਜਾਬ ਦਾ, ਬੜੀ ਬੁਲੰਦ ਆਵਾਜ਼ ਵਿੱਚ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਨੂੰ ਕੇਜਰੀਵਾਲਾਂ ਅਤੇ ਰਾਘਵ ਚੱਢਿਆਂ ਤੇ ਦਿੱਲੀ ਦੇ ਦਲਾਲਾਂ ਦੀ ਲੰਬੜਦਾਰੀ ਕਤੱਈ ਮਨਜ਼ੂਰ ਨਹੀਂ।ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਂਣ ਦਾ ਨਤੀਜਾ ਕੇਜਰੀਵਾਲ ਦੇ ਮੂੰਹ ਉੱਤੇ, ਪੰਜਾਬ ਦੇ ਲੋਕਾਂ ਦਾ ਇੱਕ ਅਜਿਹਾ ਤਮਾਚਾ ਹੈ,  ਕਿ ਉਹ ਹੁਣ ਪੰਜਾਬ ਆ ਕੇ, ਰਾਜਸੀ ਦਾਦਾਗਰੀ ਕਰਨ ਤੋਂ ਪਹਿਲਾਂ, ਉਹ ਸੌ ਵਾਰੀ ਸੋਚੇਗਾ। 

ਪੰਜਾਬ ਦੇ ਵਿਧਾਨ ਸਭਾ ਚੁਣਾਓ ਅੰਦਰ ੯੨ ਸੀਟਾਂ ਜਿੱਤਣ ਵਾਲੀ ਪਾਰਟੀ ਦੇ ਮੁੱਖ ਮੰਤਰੀ ਦਾ,  ਕੇਵਲ ਤਿੰਨ ਮਹੀਨੇ ਦੇ ਅੰਦਰ ਹੀ, ਆਪਣੇ ਜ਼ਿਲ੍ਹੇ ਵਿੱਚ ਅਜਿਹਾ ਹਸ਼ਰ ਹੋਵੇਗਾ , ਇਹ ਭਿਆਨਕ ਮੰਜ਼ਰ ਜੇ ਆਮ ਆਦਮੀ ਪਾਰਟੀ ਲਈ ਅੱਤ ਨਮੋਸ਼ੀ ਭਰਿਆ ਹੈ ਉੱਥੇ ਹੀ, ਕਿਤੇ ਨਾ ਕਿਤੇ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਲਈ ਵੀ ਇਹ ਬੇਹੱਦ ਮਾੜਾ ਸ਼ਗਨ ਹੈ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨਿੱਤ ਦਿਨ ਦੂਸਰੀਆਂ ਪਾਰਟੀਆਂ ਵਿੱਚੋਂ, ਖਾਸ ਕਰਕੇ ਕਾਂਗਰਸ ਪਾਰਟੀ ਦੇ ਮਹਾਂ ਭ੍ਰਿਸ਼ਟ ਨੇਤਾਵਾਂ ਦੇ ਕਚਰੇ ਨੂੰ ਆਪਣੀ ਬੁੱਕਲ ਵਿੱਚ ਲੈ ਕੇ, ਉਨ੍ਹਾਂ ਦੇ ਭ੍ਰਿਸ਼ਟਾਚਾਰ ਦਾ ਬਚਾਅ ਕਰਨ ਵਿੱਚ ਜੁਟੀ ਹੈ, ਇਸ ਰੁਝਾਨ ਨੂੰ ਵੀ ਆਮ ਲੋਕਾਂ ਨੇਂ ਬੇਪਰਦ ਕਰਕੇ, ਬੁਰੀ ਤਰ੍ਹਾਂ ਨਿਕਾਰ ਦਿੱਤਾ  ਹੈ।

ਇਸ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਸਮੇਂ, ਬੀ.ਜੇ.ਪੀ ਨੇ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸੇ ਨਾਲ ਮਿਲ ਕੇ ਜੋ ਰਾਜਨੀਤਕ ਗੱਠਬੰਧਨ,  ਹੋਂਦ ਵਿੱਚ ਲਿਆਂਦਾ ਸੀ, ਉਸ ਮੌਕਾਪ੍ਰਸਤੀ ਤੇ ਅਧਾਰਿਤ, ਨਕਾਰਾਤਮਕ ਰਾਜਨੀਤਕ ਕਤਾਰਬੰਦੀ ਨੂੰ ਵੀ ਪੰਜਾਬ ਦੇ ਲੋਕਾਂ ਨੇ ਸਿਰੇ ਤੋਂ ਨਾਮਨਜ਼ੂਰ ਕਰ ਦਿੱਤਾ ਹੈ। 

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜੇ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜ਼ਿੰਮੇਵਾਰੀ ਪੰਥ, ਪੰਜਾਬ ਅਤੇ ਪੰਜਾਬ ਦੇ ਆਵਾਮ ਪ੍ਰਤੀ ਹੋਰ ਵੱਧ ਗਈ ਹੈ। ਉਨ੍ਹਾਂ ਨੂੰ ਪੰਜਾਬ ਅਤੇ ਪੰਥ ਦੀ, ਲੀਹੋਂ ਲੱਥੀ ਰਾਜਨੀਤੀ ਨੂੰ ਪੁਨਰ ਤਰਤੀਬ ਦੇਣ ਲਈ, ਗਹਿਰੀ ਦੂਰਅੰਦੇਸ਼ੀ, ਸਹਿਜ ਅਤੇ ਸੰਜੀਦਗੀ ਨਾਲ  ਵੱਡੀਆਂ ਪਹਿਲਕਦਮੀਆਂ ਕਰਨੀਆਂ ਪੈਣਗੀਆਂ। ਅੱਜ ਸਿੱਖ ਕੌਮ ਚੁਰਾਹੇ ਤੇ ਖੜ੍ਹੀ ਹੈ, ਚਾਰੇ ਪਾਸੇ ਗਹਿਰ ਦੇ ਬੱਦਲ ਛਾਏ ਹੋਏ ਹਨ। ਕੌਮ ਨਾਲ ਰਾਹਜਨੀਆਂ, ਕੌਮ ਦੇ ਅਖੌਤੀ ਰਾਹਬਰ ਕਰ ਰਹੇ ਹਨ, ਸਭ ਦੇ ਹਸ਼ਰ ਸਾਡੇ ਸਾਹਮਣੇ ਹਨ, ਸਭ ਨੂੰ ਆਪੋ-ਧਾਪੀ ਪਈ ਹੋਈ ਹੈ, ਕੌਮ ਦੀ ਸਾਰ ਜਾਂ ਕੌਮ ਦੀ ਵਿਗੜੀ ਨੂੰ ਸੰਵਾਰਨ ਦਾ ਫਿਕਰ, ਕਿਸੇ ਦੇ ਵੀ ਸਰੋਕਾਰਾਂ ਵਿੱਚ ਸ਼ਾਮਲ ਨਹੀਂ। ਗੁਰੁ ਨਾਨਕ ਪਾਤਸ਼ਾਹ ਨੇ ਅਜਿਹੇ ਸਿਆਹ ਦੌਰ ਨੂੰ ਇਸਤਰ੍ਹਾਂ ਬਿਆਨ ਕੀਤਾ ਸੀ;

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

ਹਉ ਭਾਲਿ ਵਿਕੁੰਨੀ ਹੋਈ॥

ਆਧੇਰੇ ਰਾਹੁ ਨ ਕੋਈ॥

ਵਿਚਿ ਹਉਮੈ ਕਰਿ ਦੁਖੁ ਰੋਈ॥

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥

( ਸ੍ਰੀ ਗੁਰੁ ਗ੍ਰੰਥ ਸਾਹਿਬ ਅੰਗ-੧੪੫)

 

ਬਿਖੜੈ ਪੈਂਡਿਆਂ ਵਿੱਚ ਸਿੱਖ ਕੌਮ ਨੂੰ ਸੇਧ ਦੇਣ ਲਈ ਸਥਾਪਤ ਕੀਤੇ, ਸਿੱਖ ਤਖਤ ਅੱਜ ਆਪਣਾ ਫਰਜ਼ ਪਛਾਨਣ  ਤੇ ਸੱਚ ਨੂੰ ਸੱਚ ਕਹਿਣ ਤੋ ਇਨਕਾਰੀ ਹਨ। ਅਜਿਹੇ ਤਾਰੀਕ ਦੌਰ ਵਿੱਚ, ਸਿੱਖ ਕੌਮ ਦੇ ਹਰ ਇੱਕ ਜ਼ਿਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਬਣਦੀ ਭੂਮਿਕਾ ਨੂੰ ਆਪਣਾ ਪੰਥਕ ਕਰਤੱਵ ਸਮਝ ਕੇ ਨਿਭਾਵੇ। ਕੌਮ ਦੀ ਸਿਆਂਣਪ ਏਸੇ ਵਿੱਚ ਹੈ ਕਿ  ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ, ਫੈਸਲਾਕੁਨ ਨਤੀਜੇ ਤੋਂ ਬਾਅਦ ਕੋਈ ਨਵਾਂ ਸਾਰਥਕ ਪੰਥਕ ਪ੍ਰੋਗਰਾਮ ਸਾਂਝੇ ਤੌਰ ਤੇ ਉਲੀਕੀਆ ਜਾਵੇ, ਜਿਸ ਉੱਤੇ ਸਾਰੀ ਸਿੱਖ ਕੌਮ ਨਿੱਠ ਕੇ ਪਹਿਰਾ ਦੇਵੇ, ਤਾਂ ਕਿ ਸਿੱਖ ਕੌਮ ਨੂੰ ਸਮੇਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ।