Punjab News: ਹੈਵਾਨੀਅਤ ਦੀਆਂ ਹੱਦਾਂ ਪਾਰ: ਮੰਦਬੁੱਧੀ ਨੂੰ ਜ਼ਮੀਨ ’ਚ ਗੱਡਿਆ, ਕੱਚ ਉਪਰ ਚਲਾਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਈਆਂ ਮਾਰੀਆਂ ਤੇ ਸੂਈ ਜੀਭ ਦੇ ਆਰ-ਪਾਰ ਵੀ ਕੀਤੀ ਅਤੇ ਸੰਗਲ ਨੂੰ ਗਰਮ ਕਰ ਕੇ ਜਗਸੀਰ ਨੂੰ ਫੜਾਇਆ ਗਿਆ।

File Photo

 

Punjab News:  ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ) : ਮੁਕਤਸਰ ’ਚ ਹੈਵਾਨੀਅਤ ਦੀਆਂ ਸਾਰੀਆਂ ਹਦਾਂ ਪਾਰ ਕਰ ਦਿਤੀਆਂ ਗਈਆਂ। ਇਕ ਮੰਦਬੁੱਧੀ ਨੂੰ ਜ਼ਮੀਨ ’ਚ ਗੱਡਿਆ ਗਿਆ ਅਤੇ ਟੁੱਟੇ ਕੱਚ ਉੱਪਰ ਨੰਗੇ ਪੈਰ ਚਲਵਾਇਆ ਗਿਆ ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰਵਾਰ ਨੇ ਪੁਲਿਸ ਨੂੰ ਦਸਿਆ ਕਿ ਮੁਲਜ਼ਮਾਂ ਨੇ ਜਗਸੀਰ ਸਿੰਘ ਨੂੰ ਜ਼ਮੀਨ ’ਚ ਗੱਡਿਆ, ਇਸ ਤੋਂ ਇਲਾਵਾ ਕੱਚ ਤੋੜ ਕੇ ਉਸ ਦੇ ਉੱਪਰ ਨੰਗੇ ਪੈਰ ਚਲਵਾਇਆ ਗਿਆ, ਸੂਈਆਂ ਮਾਰੀਆਂ ਤੇ ਸੂਈ ਜੀਭ ਦੇ ਆਰ-ਪਾਰ ਵੀ ਕੀਤੀ ਅਤੇ ਸੰਗਲ ਨੂੰ ਗਰਮ ਕਰ ਕੇ ਜਗਸੀਰ ਨੂੰ ਫੜਾਇਆ ਗਿਆ। ਗ਼ੈਰ-ਮਨੁੱਖੀ ਵਿਹਾਰ ਕਾਰਨ ਜਗਸੀਰ ਦੀ 24 ਜੂਨ ਨੂੰ ਹਸਪਤਾਲ ’ਚ ਦਰਦਨਾਕ ਮੌਤ ਹੋ ਗਈ।

ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਗੁਰਦੇਵ ਸਿੰਘ ਵਾਸੀ ਥਾਂਦੇਵਾਲਾ ਨੇ ਦਸਿਆ ਕਿ ਉਸ ਦੇ ਭਰਾ ਭੱਪ ਸਿੰਘ ਦਾ ਪੁੱਤਰ ਜਗਸੀਰ ਸਿੰਘ ਸਿੱਧਾ-ਸਾਦਾ ਵਿਅਕਤੀ ਹੈ, ਜੋ ਅਪਣੇ ਤੌਰ ’ਤੇ ਕੋਈ ਕੰਮ ਨਹੀਂ ਸੀ ਕਰ ਸਕਦਾ ਤੇ ਕਿਸੇ ਦੇ ਕਹਿਣ ’ਤੇ ਕੁਝ ਵੀ ਕਰ ਸਕਦਾ ਹੈ। ਸਾਡਾ ਪੂਰਾ ਪ੍ਰਵਾਰ ਉਸ ਦੀ ਦੇਖਭਾਲ ਕਰਦਾ ਸੀ ਤਾਂ ਜੋ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕਰੀਬ ਡੇਢ ਮਹੀਨਾ ਪਹਿਲਾਂ ਵਿਜੇ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੇ ਕੁਮਾਰ, ਗੁਰਮੀਤ ਸਿੰਘ ਵਾਸੀ ਪਿੰਡ ਥਾਂਦੇਵਾਲਾ ਅਤੇ ਬੰਟੀ ਵਾਸੀ ਪਿੰਡ ਘੜੀਆਣਾ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਅਕਸਰ ਪਿੰਡ ਵਿਚ ਬਾਜ਼ੀ ਲਾਉਂਦੇ ਹਨ

 ਜਿਸ ਦੌਰਾਨ ਕਿਸੇ ਵਿਅਕਤੀ ਨੂੰ ਜ਼ਮੀਨ ’ਚ ਟੋਇਆ ਪੁੱਟ ਕੇ ਗੱਡ ਦੇਣਾ ਆਦਿ ਕਰਦੇ ਹਨ। ਇਸ ਤੋਂ ਇਲਾਵਾ ਕੱਚ ਤੋੜ ਕੇ ਉਸ ’ਤੇ ਨੰਗੇ ਪੈਰ ਚਲਵਾਉਣਾ, ਸੂਈ ਮਾਰਨੀ, ਸੂਈ ਜੀਭ ਦੇ ਆਰ-ਪਾਰ ਕਰਨਾ ਵਰਗੀਆਂ ਜਾਨ-ਲੇਵਾ ਘਟਨਾਵਾਂ ਕਰਦੇ ਹਨ। 20 ਜੂਨ ਨੂੰ ਵਿਜੇ ਕੁਮਾਰ ਤੇ ਉਪਰੋਕਤ ਚਾਰੇ ਵਿਅਕਤੀ ਉਸ ਦੇ ਭਤੀਜੇ ਜਗਸੀਰ ਸਿੰਘ ਨੂੰ ਮੇਰੇ ਭਰਾ ਮੰਗਾ ਸਿੰਘ ਦੇ ਘਰ ਬੇਹੋਸ਼ੀ ਦੀ ਹਾਲਤ ’ਚ ਛੱਡ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦਸਿਆ ਕਿ ਜਗਸੀਰ ਸਿੰਘ ਜ਼ਖ਼ਮੀ ਹਾਲਤ ’ਚ ਸੀ ਤੇ ਉਸ ਦੀਆਂ ਲੱਤਾਂ, ਹੱਥਾਂ ਤੇ ਮੂੰਹ ’ਤੇ ਸੋਜ ਸੀ। ਜਿਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।