ਆਪ ਪੰਜਾਬ 'ਚ ਮੱਚੀ ਹਲਚਲ, ਕੰਵਰ ਸੰਧੂ ਨੇ ਦਿੱਤਾ ਅਸਤੀਫਾ
ਕੰਵਰ ਸੰਧੂ ਦਾ ਕਹਿਣਾ ਕਿ ਹਾਈ ਕਮਾਨ ਆਪਣੀ ਮਨਮਾਨੀ ਕਰ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਅਸਤੀਫਾ ਦਿਤਾ ਹੈ
ਪੰਜਾਬ ਦੀ ਆਪ ਪਾਰਟੀ ਵਿਚ ਇਸ ਸਮੇਂ ਵੱਡੀ ਹਲਚਲ ਮੱਚੀ ਹੋਈ ਹੈ | ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਤੋਂ ਉਤਾਰਨ ਮਗਰੋਂ ਹੁਣ ਆਪ ਪਾਰਟੀ ਦੇ ਬੁਲਾਰੇ ਕੰਵਰ ਸੰਧੂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਤੋਂ ਹਟਾਉਣ ਮਗਰੋਂ ਕੰਵਰ ਸੰਧੂ ਵੱਲੋਂ ਅਸਤੀਫਾ ਦੇਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਹੁਣ ਕੰਵਰ ਸੰਧੂ ਨੇ ਵੀ ਅਸਤੀਫਾ ਦੇ ਦਿੱਤਾ ਹੈ |
ਸੁਖਪਾਲ ਖਹਿਰਾ ਨਾਲ ਦੋਸਤੀ ਨਿਭਾਉਂਦੇ ਹੋਏ ਕੰਵਰ ਸੰਧੂ ਨੇ ਅਸਤੀਫਾ ਦਿੱਤਾ ਹੈ | ਕੰਵਰ ਸੰਧੂ ਦਾ ਕਹਿਣਾ ਕਿ ਹਾਈ ਕਮਾਨ ਆਪਣੀ ਮਨਮਾਨੀ ਕਰ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਅਸਤੀਫਾ ਦਿਤਾ ਹੈ | ਇਸ ਤੋਂ ਬਾਅਦ ਕੁਝ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਹੋ ਸਕਦਾ ਹੈ ਭਗਵੰਤ ਮਾਨ ਦੇ ਅਸਤੀਫੇ ਨੂੰ ਮਨਜ਼ੂਰੀ ਮਿਲ ਜਾਵੇ | ਧਿਆਨਯੋਗ ਹੈ ਕਿ ਭਗਵੰਤ ਮਾਨ ਪਾਰਟੀ ਤੋਂ ਨਰਾਜ਼ ਚੱਲ ਰਹੇ ਹਨ ਅਤੇ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਚੁਕੇ ਹਨ |
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਅਚਨਚੇਤ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਕਾਰੀ ਅਹੁਦੇ ਤੋਂ ਲਾਂਭੇ ਕਰ ਦਿਤਾ ਹੈ। ਹੁਣ ਦਿੜ੍ਹਬਾ ਤੋਂ ਪਾਰਟੀ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਚੁਣਿਆ ਗਿਆ ਹੈ। ਇਸ ਦਾ ਐਲਾਨ ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਕੀਤਾ ਹੈ।
ਇਸ ਕਾਰਵਾਈ ਨੂੰ ਖਹਿਰਾ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦਰਮਿਆਨ ਚਲ ਰਹੇ ਸੀਤ ਯੁੱਧ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਕੁੱਝ ਮਹੀਨੇ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਨਸ਼ਿਆਂ ਦੇ ਦੋਸ਼ਾਂ ਲਈ ਮੁਆਫ਼ੀ ਮੰਗਣ ਤੇ ਖਹਿਰਾ ਵਲੋਂ ਵਿਖਾਈਆਂ ਬਾਗੀ ਸੁਰਾਂ ਦਾ ਸਿੱਟਾ ਮੰਨਿਆ ਜਾ ਰਿਹਾ ਹੈ।
ਪੰਜਾਬ ਵਿਚ ਪਹਿਲੀ ਵਾਰ ਹੀ ਵਿਧਾਨ ਸਭਾ ਚੋਣਾਂ ਲੜੀ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਹੀ ਇਹ ਮੁੱਖ ਵਿਰੋਧੀ ਧਿਰ ਦਾ ਦਰਜਾ ਮਿਲਿਆ ਹੈ ਪਰ ਚੋਣਾਂ ਮਗਰੋਂ ਮਹਿਜ਼ ਡੇਢ ਸਾਲ ਤੋਂ ਵੀ ਘੱਟ ਸਮੇਂ 'ਚ ਪਾਰਟੀ ਨੇ ਦੋ ਵਾਰ ਵਿਰੋਧੀ ਧਿਰ ਦੇ ਨੇਤਾ ਨੂੰ ਬਦਲ ਦਿਤਾ ਹੈ। ਇਸ ਤੋਂ ਪਹਿਲਾਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਿਰੋਧੀ ਧਿਰ ਦੇ ਨੇਤਾ ਸਨ। ਪਰ ਉਨ੍ਹਾਂ ਨੇ ਅਚਾਨਕ ਅਸਤੀਫ਼ਾ ਦੇ ਦਿਤਾ ਜਿਸ ਮਗਰੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ।