'ਪੰਜਾਬ ਵਿੱਚ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਇਓ ਮੈਡੀਕਲ ਵੇਸਟ (ਬੀਐਮਡਬਲਯੂ) ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ.........

Balbir Singh Sidhu

ਚੰਡੀਗੜ: ਬਾਇਓ ਮੈਡੀਕਲ ਵੇਸਟ (ਬੀਐਮਡਬਲਯੂ) ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨਿੱਜੀ ਅਤੇ ਸਰਕਾਰੀ ਹਸਪਤਾਲਾਂ  ’ਚ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਇਓ ਮੈਡੀਕਲ ਵੇਸਟ ਨੂੰ ਅਤਿ ਖਤਰਨਾਕ ਅਤੇ ਸੰਕਰਮਿਤ ਮੰਨਦੇ ਹੋਏ ਸਾਰੇ ਹਸਪਤਾਲਾਂ ਵਿੱਚ ਬਾਰ ਕੋਡ ਪ੍ਰਣਾਲੀ ਨੂੰ ਪੂਰੀ ਤਰਾਂ ਲਾਗੂ ਕੀਤਾ ਜਾ ਰਿਹਾ ਹੈ।

ਵੇਸਟ ਨੂੰ ਕਾਮਨ ਬਾਇਓ-ਮੈਡੀਕਲ ਵੇਸਟ ਟ੍ਰੀਟਮੈਂਟ ਐਂਡ ਡਿਸਪੋਜ਼ਲ ਫੈਸੀਲਿਟੀ (ਸੀਬੀਡਬਲਯੂਟੀਐਫ) ਤੱਕ ਲਿਜਾਣ ਵਾਲੇ ਵਾਹਨਾਂ ਵਿਚ ਟ੍ਰੈਕਿੰਗ ਜੀਪੀਐਸ ਪ੍ਰਣਾਲੀਆਂ ਵੀ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਹ ਪ੍ਰਣਾਲੀ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਅਤੇ ਕੋਵਿਡ-19 ਤੇ ਹੈਪੇਟਾਈਟਸ ਵਰਗੀਆਂ ਛੂਤ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਮੀਲ ਪੱਥਰ ਸਾਬਤ ਹੋ ਰਹੀ ਹੈ। 

ਉਨਾਂ ਕਿਹਾ ਕਿ ਰਾਜ ਭਰ ਵਿੱਚ ਬਾਇਓ ਮੈਡੀਕਲ ਵੇਸਟ ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲਿਆਂ ਵਿੱਚ ਰਾਜ ਸਲਾਹਕਾਰ ਕਮੇਟੀ ਅਤੇ ਜ਼ਿਲਾ ਪੱਧਰੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਇਸ ਸਬੰਧੀ ਨਿਯਮਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਸਾਰੇ ਸੀਬੀਡਬਲਯੂਟੀਐਫ ਆਪਰੇਟਰਾਂ ਨੂੰ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼ (ਬੀਐਮਡਬਲਯੂਐਮ) 2016 (ਸੋਧਾਂ 2018 ਅਤੇ 2019) ਦੀਆਂ ਧਾਰਾਵਾਂ ਅਨੁਸਾਰ ਬਾਰ-ਕੋਡ ਸਾੱਫਟਵੇਅਰ ਦੀ ਵਰਤੋਂ ਕਰਦਿਆਂ ਸਾਰੀਆਂ ਸਿਹਤ ਸਹੂਲਤਾਂ ਵਿੱਚੋਂ ਬਾਇਓ-ਮੈਡੀਕਲ ਵੇਸਟ ਨਿਯਮਤ ਅਤੇ ਸਮੇਂ ਸਿਰ ਇਕੱਠਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸ. ਸਿੱਧੂ ਨੇ ਅੱਗੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਰੋਜ਼ਾਨਾ ਦੇ ਬਾਇਓ ਮੈਡੀਕਲ ਵੇਸਟ ਸਬੰਧੀ ਸਾਰੇ ਵੇਰਵਿਆਂ/ਰਿਪੋਰਟਾਂ ਨੂੰ ਸਾੱਫਟਵੇਅਰ ਉੱਤੇ ਅਪਲੋਡ ਕੀਤਾ ਜਾਂਦਾ ਹੈ, ਜਿੱਥੇ ਹਰੇਕ ਹਸਪਤਾਲ ਚੋਂ ਵੇਸਟ ਇੱਕਠਾ ਕਰਨ ਦਾ ਸਾਰਾ ਰਿਕਾਰਡ ਦਰਜ ਕੀਤਾ ਜਾਂਦਾ ਹੈ। ਹਸਪਤਾਲਾਂ ਵਿਚ ਜ਼ਮੀਨ ਦੇ ਹੇਠਾਂ ਕੋਈ ਰਹਿੰਦ-ਖੂਹੰਦ ਨਹੀਂ ਦੱਬੀ ਜਾ ਰਹੀ।

ਮੰਤਰੀ ਨੇ ਅੱਗੇ ਕਿਹਾ ਕਿ ਲਿਕਵਿਡ ਵੇਸਟ ਪ੍ਰੀ-ਟ੍ਰੀਟਮੈਂਟ ਪਲਾਂਟ/ਈਟੀਪੀ/ਐਸਟੀਪੀ ਦੀ ਯੋਜਨਾ ਬਣਾਈ ਗਈ ਹੈ ਜੋ ਪੀਐਚਐਸਸੀ ਦੁਆਰਾ ਸਾਰੇ ਜ਼ਿਲਾ ਹਸਪਤਾਲਾਂ  ਅਤੇ ਸਬ-ਡਿਵੀਜ਼ਨ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾ ਰਹੇ ਹਨ, ਜਦੋਂ ਕਿ ਕਮਿਊਨਿਟੀ ਹੈਲਥ ਸੈਂਟਰਾਂ ਲਈ ਇਹ ਪ੍ਰਗਤੀ ਅਧੀਨ ਹਨ। ਛੋਟੀਆਂ ਸਿਹਤ ਸਹੂਲਤਾਂ ਜਿਵੇਂ ਸਬ-ਸੈਂਟਰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨੇੜਲੇ ਹਸਪਤਾਲਾਂ ਨਾਲ ਜੁੜੇ ਹੋਏ ਹਨ।

ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੂੰ ਮਰਕਰੀ ਮੁਕਤ ਰਾਜ ਘੋਸ਼ਿਤ ਕੀਤਾ ਗਿਆ ਹੈ, ਇਸ ਤਰਾਂ ਹਸਪਤਾਲਾਂ ਵਿੱਚ ਮਰਕਰੀ ਉਪਕਰਣਾਂ ਦੀ ਖਰੀਦ ਅਤੇ ਵਰਤੋਂ ਨਹੀਂ ਕੀਤੀ ਜਾਂਦੀ।

ਐਚ.ਸੀ.ਐਫਜ਼. ਵਿਚਲੇ ਵੇਸਟ ਹਾਈਪੋ-ਫਿਕਸਰ ਸਲਿਊਸ਼ਨ, ਡਿਵੈਲਪਰ ਅਤੇ ਐਕਸ-ਰੇ ਫਿਲਮਾਂ ਦਾ ਮੁਕੰਮਲ ਨਿਪਟਾਰਾ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਛੋਟੇ ਹਸਪਤਾਲਾਂ ਸਮੇਤ ਸਾਰੇ ਹਸਪਤਾਲ ਵੀ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਸੀਬੀਡਬਲਯੂਟੀਐਫ ਨਾਲ ਜੁੜੇ ਹੋਏ ਹਨ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।