ਸਕੂਲ ਖੋਲ੍ਹਣ ਸਬੰਧੀ ਬੋਲੇ ਸਿੱਖਿਆ ਮੰਤਰੀ, ਬੱਚਿਆਂ ਦੀ ਸਿਹਤ ਨਾਲ ਨਹੀਂ ਕੀਤਾ ਜਾਵੇਗਾ ਸਮਝੌਤਾ!
ਅਨਲੌਕ-3 ਦੌਰਾਨ ਵੀ ਸਕੂਲਾਂ ਨੂੰ ਖੋਲ੍ਹਣ ਦੀ ਉਮੀਦ ਨਹੀਂ
ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ਅੰਦਰ ਵੀ ਕਰੋਨਾ ਨੂੰ ਲੈ ਕੇ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਨਵੇਂ ਕਰੋਨਾ ਕੇਸਾਂ ਦੇ ਨਾਲ ਨਾਲ ਮੌਤਾਂ ਦੀ ਗਿਣਤੀ 'ਚ ਵੀ ਇਜ਼ਾਫ਼ਾ ਹੋਇਆ ਹੈ। ਇਸੇ ਦੌਰਾਨ ਪੰਜਾਬ ਅੰਦਰ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਵੀ ਬਹਿਸ਼ ਛਿੜੀ ਹੋਈ ਹੈ। ਪਰ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਲੈਣ ਦੇ ਮੂੜ 'ਚ ਨਹੀਂ ਹੈ।
ਇਸ ਸਬੰਧੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਸਕੂਲ ਖੋਲ੍ਹਣ ਦੀਆਂ ਕਿਆਸ-ਅਰਾਈਆਂ 'ਤੇ ਵਿਰਾਮ ਲਾਉਂਦਿਆਂ ਕਰੋਨਾ ਦੇ ਖ਼ਾਤਮੇ ਤਕ ਸਕੂਲ ਖੋਲ੍ਹਣ ਦੀਆਂ ਸੰਭਾਵਨਾਵਾਂ ਨੂੰ ਰੱਦ ਕੀਤਾ ਹੈ।
ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਅਸੀਂ ਬੱਚਿਆਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਕੋਰੋਨਾ ਖ਼ਤਮ ਹੋਣ ਤਕ ਸਕੂਲ ਨਹੀਂ ਖੋਲ੍ਹੇ ਜਾਣਗੇ।
ਸਿੱਖਿਆ ਮੰਤਰੀ ਸਿੰਗਲਾ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਰੋਨਾ 'ਤੇ ਜਿੱਤ ਪ੍ਰਾਪਤ ਕਰਨ ਲਈ ਤਤਪਰ ਹੈ। ਕਰੋਨਾ ਨੂੰ ਲੈ ਕੇ ਸਥਿਤੀ ਆਮ ਵਰਗੀ ਹੋ ਜਾਣ ਤੋਂ ਬਾਅਦ ਸਕੂਲ ਖੋਲ੍ਹਣ ਬਾਰੇ ਫ਼ੈਸਲਾ ਲਿਆ ਜਾਵੇਗਾ।
ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਵੀ ਅਨਲੌਕ-3 ਬਾਰੇ ਨਿਯਮਾਂ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੀ ਅਜੇ ਸਕੂਲ ਖੋਲ੍ਹਣ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਸਿਨੇਮਾਘਰਾਂ ਤੇ ਮੈਟਰੋ 'ਤੇ ਵੀ ਪਾਬੰਦੀ ਕਾਇਮ ਰੱਖਣ ਦੇ ਮੂੜ 'ਚ ਹੈ। ਦੇਸ਼ ਅੰਦਰ ਕਰੋਨਾ ਦੇ ਵਧਦੇ ਕੇਸਾਂ ਦੇ ਬਾਵਜੂਦ ਮਰੀਜ਼ਾਂ ਦੇ ਠੀਕ ਹੋਣ ਗਿਣਤੀ ਤਸੱਲੀਬਖਸ਼ ਹੈ। ਇਸੇ ਤਰ੍ਹਾਂ ਮੌਤ ਦਰ ਵੀ ਕਾਫ਼ੀ ਹੇਠਲੇ ਪੱਧਰ 'ਤੇ ਚੱਲ ਰਹੀ ਹੈ। ਇਸੇ ਕਾਰਨ ਸਰਕਾਰ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।