ਕੀ ਸ਼੍ਰੋਮਣੀ ਕਮੇਟੀ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਢੁਕਵੀ ਯਾਦਗਾਰ ਅੰਮ੍ਰਿਤਸਰ ਵਿਚ ਬਣਾਵੇਗੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਨ ਸਿੱਖ ਨੇਤਾ ਤੋਂ ਡਰਦੇ ਪੰਡਤ ਨਹਿਰੂ ਨੇ ਕੈਰੋਂ ਨੂੰ ਮਾਸਟਰ ਜੀ ਵਿਰੁਧ ਵਰਤਿਆ

Panth Ratan Master Tara Singh

ਅੰਮ੍ਰਿਤਸਰ, 26 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥ ਰਤਨ ਮਾਸਟਰ ਤਾਰਾ ਸਿੰਘ ਨੇ 50 ਸਾਲ ਸਿੱਖ ਕੌਮ ਦੀ ਨਿਸ਼ਕਾਮ ਸੇਵਾ ਕੀਤੀ ਪਰ ਉਨ੍ਹਾਂ ਦੀ ਢੁਕਵੀ ਯਾਦਗਾਰ ਤੇ ਬੁੱਤ ਬਗ਼ੈਰਾ ਵੀ ਅੰਮ੍ਰਿਤਸਰ ਵਿਚ ਸਥਾਪਤ ਨਹੀਂ ਕੀਤਾ, ਜਿਥੇ ਪੰਥਕ ਮਸਲਆਿਂ ਲਈ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਘੋਲ ਕਰਦੇ ਰਹੇ। ਉਹ ਬੇਤਾਜ ਨੇਤਾ ਤੇ ਕਿੰਗ ਮੇਕਰ ਸਨ, ਜਿਨ੍ਹਾਂ ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ ਸਾਂਝੇ ਪੰਜਾਬ, ਬਲਦੇਵ ਸਿੰਘ ਪਹਿਲੇ ਰੱਖਿਆ ਮੰਤਰੀ, ਸਵਰਨ ਸਿੰਘ ਸਾਬਕਾ ਵਿਦੇਸ਼ ਮੰਤਰੀ, ਹੁਕਮ ਸਿੰਘ ਸਾਬਕਾ ਸਪੀਕਰ ਲੋਕ ਸਭਾ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਬੂਟਾ ਸਿੰਘ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਆਦਿ ਨੂੰ ਸਿਆਸਤ ਵਿਚ ਲਿਆਂਦਾ। ਸ. ਪ੍ਰਤਾਪ ਸਿੰਘ ਕੈਰੋਂ ਉਨ੍ਹਾਂ ਦੇ ਨਿਜੀ ਸਕਤੱਰ ਵੀ ਰਹੇ।

ਉਹ ਇਕ ਮਹਾਨ ਸਿੱਖ ਨੇਤਾ ਸਨ ਜਿਨ੍ਹਾਂ ਪੰਡਤ ਜਵਾਹਰ ਲਾਲ ਨਹਿਰੂ  ਦੀ ਸਿੱਖ ਹਿਤਾਂ ਖ਼ਾਤਰ ਈਨ ਨਹੀਂ ਮੰਨੀ ਭਾਵੇ ਉਨ੍ਹਾਂ ਨੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਦੇ ਅਹੁਦੇ ਵੀ ਪੇਸ਼ ਕੀਤੇ। ਉਨ੍ਹਾਂ ਵਿਚ ਸਿੱਖੀ, ਸਾਦਗੀ, ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਸੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਘਰੋਂ ਟਾਂਗੇ 'ਤੇ ਆਉਂਦੇ ਤੇ ਟਿਫਨ ਵਿਚ ਘਰੋਂ ਰੋਟੀ ਲੈ ਕੇ ਆਉਂਦੇ ਸਨ। ਇਸ ਮਹਾਨ ਸਿੱਖ ਨੇਤਾ ਦੀ ਮੌਤ ਉਪਰੰਤ ਉਨ੍ਹਾਂ ਦੇ ਬੈਂਕ ਖਾਤੇ ਵਿਚ 32 ਰੁਪਏ ਨਿਕਲੇ ਸਨ। ਹਿੰਦ -ਪਾਕਿ ਵੰਡ ਵਿਚ ਨਿਭਾਏ ਗਏ ਰੋਲ ਸਬੰਧੀ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਲੰਗੜਾ ਕਰਨ ਲਈ ਮਾਸਟਰ ਤਾਰਾ ਸਿੰਘ ਜ਼ੁੰਮੇਵਾਰ ਹੈ। ਇਸ ਕਾਰਨ ਮਾਸਟਰ ਜੀ ਦਾ ਰਾਵਲਪਿੰਡੀ ਸਥਿਤ ਘਰ ਸਾੜਨ ਦੇ ਨਾਲ 59 ਰਿਸ਼ਤੇਦਾਰ ਵੀ ਮੌਤ ਦੇ ਘਾਟ ਉਤਾਰੇ ਜਾਣ ਦੀਆਂ ਖ਼ਬਰਾਂ ਹਨ।

ਜ਼ਿਕਰਯੋਗ ਹੈ ਕਿ ਸਾਂਝੇ ਪੰਜਾਬ ਅਤੇ ਬੰਗਾਲ ਦੀ ਵੰਡ ਮਾਸਟਰ ਜੀ ਦੇ ਦਿਮਾਗ਼ ਦੀ ਕਾਢ ਸੀ ਜਿਸ ਤੋਂ ਜਿਨਾਹ ਖ਼ਫ਼ਾ ਸੀ। ਸ. ਜੋਗਿੰਦਰ ਸਿੰਘ ਬਾਨੀ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ ਸਜਰੇ ਛਪੇ ਆਰਟੀਕਲਾਂ ਵਿਚ ਬੜੇ ਵਿਸਥਾਰ ਨਾਲ ਲਿਖਿਆ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਮਾਸਟਰ ਤਾਰਾ ਸਿੰਘ ਤੋਂ ਬੇਹੱਦ ਡਰਦੇ ਸਨ ਜਿਨ੍ਹਾਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਨੂੰ ਮਾਸਟਰ ਜੀ ਦਾ ਸਿਆਸੀ ਤੇ ਧਾਰਮਕ ਭਵਿੱਖ ਤਬਾਹ ਕਰਨ ਲਈ ਵਰਤਿਆ। ਹਿੰਦ-ਪਾਕਿ ਬਣਨ ਬਾਅਦ ਕੀਤੇ ਵਾਅਦੇ ਮੁਤਾਬਕ ਸਿੱਖ ਖ਼ੁਦਮੁਖਤਾਰੀ ਵਾਲਾ ਸੂਬਾ ਦੇਣ ਤੋਂ ਨਹਿਰੂ –ਪਟੇਲ ਮੁਕਰ ਗਏ ਜਿਸ ਦਾ ਝਟਕਾ ਮਾਸਟਰ ਜੀ ਨੂੰ ਲੱਗਾ

ਪਰ 1953 ਵਿਚ ਡਾ. ਰੁਮਾਲੂ ਵਲੋਂ ਜ਼ਬਾਨ ਤੇ ਆਧਾਰਤ ਆਂਧਰਾ ਪ੍ਰਦੇਸ਼ ਬਣਾਉਣ ਦੀ ਮੰਗ ਕੀਤੀ ਜੋ ਨਹਿਰੂ ਨੇ ਪੂਰੀ ਕੀਤੀ, ਇਸ ਨੂੰ ਆਧਾਰ ਬਣਾ ਕੇ 1958 ਤੇ 60 ਵਿਚ ਪੰਜਾਬੀ ਸੂਬਾ ਬਣਾਉਣ ਲਈ ਮਾਸਟਰ ਜੀ ਨੇ ਝੰਡਾ ਚੁਕਿਆ ਪਰ ਨਹਿਰੂ ਵਲੋਂ ਕੋਈ ਹੁੰਗਾਰਾ ਨਾ ਭਰਨ 'ਤੇ ਉਨ੍ਹਾਂ ਨੂੰ ਮੋਰਚਾ ਲਾਉਣਾ ਪਿਆ ਤੇ ਜੇਲ ਯਾਤਰਾ ਕਰਨੀ ਪਈ। ਨਹਿਰੂ ਦੀ ਮੌਤ ਬਾਅਦ ਸ਼ਾਸਤਰੀ ਵੀ ਪੰਜਾਬੀ ਸੂਬੇ ਵਿਰੁਧ ਸਨ ਅਤੇ ਇੰਦਰਾ ਗਾਂਧੀ ਦੇ ਪ੍ਰਧਾਨ ਬਣਨ ਤੇ ਉਸ ਨੇ ਮਜਬੂਰੀ ਵੱਸ ਲੰਗੜਾ ਪੰਜਾਬੀ ਸੂਬਾ ਬਣਾਇਆ।  ਪਰ ਮਾਸਟਰ ਜੀ ਇਸ ਤੋਂ ਅਸੰਤੁਸ਼ਟ ਸਨ।

ਉਨ੍ਹਾਂ ਸਿੱਖ ਤੇ ਦੇਸ਼ ਹਿਤਾਂ ਲਈ ਅੰਗਰੇਜ਼ਾਂ ਵਿਰੁਧ ਮੋਰਚੇ ਲਾਏ ਤੇ ਜੇਲਾਂ ਕੱਟੀਆਂ ਪਰ ਉਨ੍ਹਾਂ ਦੀ ਕੁਰਬਾਨੀ ਮੁਤਾਬਕ ਮੁਲ ਨਹੀਂ ਪਿਆ। ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਕੁਰਬਾਨੀ ਮੁਤਾਬਕ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਢੁਕਵੀ ਯਾਦਗਾਰ ਅੰਮ੍ਰਿਤਸਰ ਵਿਚ ਬਣਾਵੇਗੀ?