ਕਿਨੌਰ ਹਾਦਸਾ : ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ, ਭਾਵੁਕ ਹੋਏ ਲੋਕ

ਏਜੰਸੀ

ਖ਼ਬਰਾਂ, ਪੰਜਾਬ

ਕਿਨੌਰ ਹਾਦਸਾ : ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ, ਭਾਵੁਕ ਹੋਏ ਲੋਕ

image

ਨਵੀਂ ਦਿੱਲੀ, 26 ਜੁਲਾਈ : ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ ਦੀਆਂ ਚੱਟਾਨਾਂ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਦੌਰਾਨ ਵਾਹਨਾਂ ’ਤੇ ਪੱਥਰ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਸ਼ਾਮਲ ਇਕ ਡਾਕਟਰ ਨੇ ਮੌਤ ਤੋਂ ਕੁਝ ਮਿੰਟ ਪਹਿਲਾਂ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਇਸ ਟਵੀਟ ’ਤੇ ਲੋਕ ਭਾਵੁਕ ਪ੍ਰਤੀਕਿਰਿਆ ਦੇ ਰਹੇ ਹਨ। ਡਾ. ਦੀਪਾ ਸ਼ਰਮਾ ਦਾ ਇਹ ਆਖ਼ਰੀ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਈ ਹਸਤੀਆਂ ਇਸ ਭਿਆਨਕ ਹਾਦਸੇ ’ਤੇ ਦੁੱਖ ਜ਼ਾਹਰ ਕਰ ਰਹੀਆਂ ਹਨ। ਦਰਅਸਲ ਦੀਪਾ ਸ਼ਰਮਾ ਜੈਪੁਰ ਦੀ ਆਯੂਰਵੈਦ ਡਾਕਟਰ ਸੀ, ਜੋ ਉਨ੍ਹਾਂ 9 ਯਾਤਰੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਦੀ ਇਸ ਭਿਆਨਕ ਹਾਦਸੇ ਵਿਚ ਮੌਤ ਹੋ ਗਈ। 
ਮੌਤ ਤੋਂ ਕੁਝ ਸਮਾਂ ਪਹਿਲਾਂ ਦੀਪਾ ਨੇ ਟਵੀਟ ਕਰ ਕੇ ਲਿਖਿਆ,‘‘...ਅਸੀਂ ਭਾਰਤ ਦੇ ਉਸ ਆਖ਼ਰੀ ਪੁਆਇੰਟ ਉਤੇ ਖੜੇ ਹਾਂ, ਜਿਥੇ ਆਮ ਨਾਗਰਿਕਾਂ ਨੂੰ ਜਾਣ ਦੀ ਆਜ਼ਾਦੀ ਹੈ।’’ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਸਨ। (ਪੀਟੀਆਈ)