ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਕੀਤੀ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਨੂੰ ਦੱਸਿਆ, ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿੱਤ ਹਨ।

Navjot Sidhu holds first meeting with Punjab Chief Minister

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amarinder Singh) ਨੇ ਮੰਗਲਵਾਰ ਨੂੰ ਸੂਬਾਈ ਕਾਂਗਰਸ ਲੀਡਰਸ਼ਿਪ ਦੀ ਨਵੀਂ ਟੀਮ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿੱਤ ਹਨ, ਜਿਨ੍ਹਾਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ।

 

ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਪੱਤਰ ਸੌਂਪਿਆ ਗਿਆ, ਜਿਸ ਵਿਚ ਕੁਝ ਮਾਮਲਿਆਂ ਦੇ ਜ਼ਰੂਰੀ ਹੱਲ 'ਤੇ ਲੋੜ ਦੱਸੀ ਗਈ। ਸੂਬਾਈ ਕਾਂਗਰਸ ਦੀ ਨਵੀਂ ਟੀਮ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਸੀ, ਜਿਸ ਵਿਚ ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਨਾਲ ਸਨ।

ਮੁੱਖ ਮੰਤਰੀ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਆਖਿਆ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨੂੰ ਸੁਖਾਵੀਂ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

ਪਾਰਟੀ ਦੇ ਹਿੱਤ ਵਿਚ ਇਕੱਠਿਆ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਰਕਿੰਗ ਪ੍ਰਧਾਨਾਂ ਨੂੰ ਕਿਹਾ, ''ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਸੂਬੇ ਅਤੇ ਲੋਕਾਂ ਦੇ ਹਿੱਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਸਰਕਾਰ ਦੇ ਲੋਕ ਪੱਖੀ ਫੈਸਲੇ ਤੇ ਸਰਕਾਰ ਦੇ ਕੰਮਾਂ ਨੂੰ ਜ਼ਮੀਨੀ ਪੱਧਰ 'ਤੇ ਲੈ ਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਪਿਛਲੇ ਚਾਰ ਤੋਂ ਵੱਧ ਸਾਲਾਂ ਦੇ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਤੋਂ ਜਾਣੂੰ ਹੋ ਸਕਣ। ਮੁੱਖ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਨਿਰੰਤਰ ਮਿਲਣ ਦੀ ਪੇਸ਼ਕਸ਼ ਕੀਤੀ।