ਕਾਂਗਰਸ 'ਚ ਕਦਰ ਨਾ ਪਈ, ਇਸ ਲਈ 'ਆਪ' 'ਚ ਆਇਆਂ : ਖੁੱਡੀਆਂ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ 'ਚ ਕਦਰ ਨਾ ਪਈ, ਇਸ ਲਈ 'ਆਪ' 'ਚ ਆਇਆਂ : ਖੁੱਡੀਆਂ

image

ਚੰਡੀਗੜ੍ਹ, 26 ਜੁਲਾਈ (ਸੁਰਜੀਤ ਸਿੰਘ ਸੱਤੀ) : ਲੰਬੀ ਖੇਤਰ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁਧ ਕੈਪਟਨ ਅਮਰਿੰਦਰ ਸਿੰਘ ਵਲੋਂ ਲੜੀ ਗਈ ਚੋਣ ਦੌਰਾਨ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੇ ਨਾਲ ਹੀ ਕਾਂਗਰਸ ਛੱਡਣ ਦਾ ਐਲਾਨ ਕਰ ਦਿਤਾ ਸੀ ਪਰ ਉਨ੍ਹਾਂ ਅੱਜ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ, ਮੀਤ ਹੇਅਰ ਤੇ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਵਿਚ ਰਸਮੀ ਤੌਰ 'ਤੇ 'ਆਪ' ਵਿਚ ਸ਼ਮੂਲੀਅਤ ਕਰ ਲਈ | ਖੁੱਡੀਆਂ ਨੇ ਅਪਣੇ ਨਾਲ ਪਾਰਟੀ ਵਿਚ ਦੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੱਤ ਬਲਾਕ ਸੰਮਤੀ ਮੈਂਬਰ ਤੇ ਢਾਈ ਦਰਜਨ ਸਰਪੰਚਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਪਿਛਲੇ 17 ਸਾਲ ਤੋਂ ਕਾਂਗਰਸ ਦੀ ਸੇਵਾ ਕਰਦੇ ਆਏ ਪਰ ਜਦੋਂ ਟਿਕਟ ਦੀ ਵਾਰੀ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਉਮੀਦਵਾਰ ਬਣ ਕੇ ਆ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਅਣਦੇਖੀ ਹੋਈ ਹੈ ਤੇ ਇਸੇ ਕਾਰਨ ਹੁਣ ਉਨ੍ਹਾਂ ਨੇ 'ਆਪ' ਦਾ ਪੱਲਾ ਫੜਿਆ ਹੈ | ਇਹ ਵੀ ਕਿਹਾ ਕਿ ਜੇਕਰ ਪਾਰਟੀ ਟਿਕਟ ਦੇਵੇਗੀ ਤਾਂ ਚੋਣ ਲੜਨਗੇ | ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਹੀ ਕਾਂਗਰਸ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿੱਧੂ ਨਾਲ ਕੋਈ ਨਰਾਜ਼ਗੀ ਨਹੀਂ ਹੈ | ਇਸ ਮੌਕੇ ਭਗਵੰਤ ਮਾਨ ਨੇ ਖੁੱਡੀਆਂ ਦਾ ਪਾਰਟੀ ਵਿਚ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ  ਪੂਰਾ ਬਣਦਾ ਮਾਣ ਸਨਮਾਨ ਦਿਤਾ ਜਾਵੇਗਾ | ਇਸੇ ਦੌਰਾਨ ਰਾਘਵ ਚੱਢਾ ਨੇ ਸਪਸ਼ਟ ਕਰ ਦਿਤਾ ਕਿ 'ਆਪ' ਸਾਰੀਆਂ 117 ਸੀਟਾਂ 'ਤੇ ਵਿਧਾਨ ਸਭਾ ਚੋਣ ਇਕੱਲੇ ਲੜੇਗੀ ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ |