ਪੈਗਾਸਸ ਜਾਸੂਸੀ ਵਿਵਾਦ : ਪਛਮੀ ਬੰਗਾਲ ਸਰਕਾਰ ਨੇ ਪੜਤਾਲ ਲਈ ਜਾਂਚ ਪੈਨਲ ਦਾ ਗਠਨ ਕੀਤਾ : ਮਮਤਾ ਬੈਨਰ

ਏਜੰਸੀ

ਖ਼ਬਰਾਂ, ਪੰਜਾਬ

ਪੈਗਾਸਸ ਜਾਸੂਸੀ ਵਿਵਾਦ : ਪਛਮੀ ਬੰਗਾਲ ਸਰਕਾਰ ਨੇ ਪੜਤਾਲ ਲਈ ਜਾਂਚ ਪੈਨਲ ਦਾ ਗਠਨ ਕੀਤਾ : ਮਮਤਾ ਬੈਨਰਜੀ

image

ਕੋਲਕਾਤਾ, 26 ਜੁਲਾਈ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਜ਼ਰੀਏ ਨੇਤਾਵਾਂ, ਅਧਿਕਾਰੀਆਂ ਅਤੇ ਪੱਤਰਕਾਰਾਂ ਦੀ ਜਾਸੂਸੀ ਕਰਵਾਏ ਜਾਣ ਦੇ ਦੋਸ਼ਾਂ ਦੀ ਪੜਤਾਲ ਲਈ ਦੋ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਵਿਸ਼ੇਸ਼ ਬੈਠਕ ਵਿਚ ਪੈਨਲ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਦੇ ਮੈਂਬਰ ਸੇਵਾਮੁਕਤ ਜੱਜ ਹੋਣਗੇ। 
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਸਾਨੂੰ ਲਗਿਆ ਸੀ ਕਿ ਫ਼ੋਨ ਹੈਕ ਕੀਤੇ ਜਾਣ ਦੀ ਜਾਂਚ ਲਈ ਕੇਂਦਰ ਕੋਈ ਜਾਂਚ ਕਮਿਸ਼ਨ ਗਠਿਤ ਕਰੇਗਾ ਜਾਂ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਦਾ ਆਦੇਸ਼ ਦਿਤਾ ਜਾਵੇਗਾ ਪਰ ਸਰਕਾਰ ਕੁੱਝ ਨਹੀਂ ਕਰ ਰਹੀ। ਇਸ ਲਈ ਅਸੀਂ ਇਸ ਮਾਮਲੇ ਦੀ ਪੜਤਾਲ ਲਈ ਜਾਂਚ ਕਮਿਸ਼ਨ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ।
  ਦੋ ਮੈਂਬਰੀ ਕਮਿਸ਼ਨ ਦੀ ਪ੍ਰਧਾਨਗੀ ਕਲਕੱਤਾ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਜੋਤੀਰਮਯ ਭੱਟਾਚਾਰੀਆ ਕਰਨਗੇ। ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਭੀਮਰਾਵ ਲੋਕੁਰ ਇਸ ਦੇ ਦੂਜੇ ਮੈਂਬਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੈਗਾਸਸ ਜ਼ਰੀਏ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ’ਚ ਪਛਮੀ ਬੰਗਾਲ ਦੇ ਲੋਕਾਂ ਦੇ ਵੀ ਨਾਂ ਸਾਹਮਣੇ ਆਏ ਹਨ। ਕੇਂਦਰ ਸਾਰਿਆਂ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਮਿਸ਼ਨ ਗ਼ੈਰ-ਕਾਨੂੰਨੀ ਰੂਪ ਨਾਲ ਫ਼ੋਨ ਹੈਕ ਕਰਨ ਦੇ ਮਾਮਲੇ ਦੀ ਪੂਰੀ ਜਾਣਕਾਰੀ ਦਾ ਪਤਾ ਲਗਾਏਗਾ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਦੀ ਜਾਸੂਸੀ ਕਰਨ ਲਈ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਅਤੇ ਦੁਨੀਆਂ ਭਰ ’ਚ ਇਸ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਖੜਾ ਹੋ ਗਿਆ ਹੈ। (ਪੀਟੀਆਈ)