ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ

image

ਖੇਤੀ ਕਾਨੂੰਨਾਂ ਵਿਰੁਧ ਕਾਂਗਰਸ ਦਾ ਪ੍ਰਦਰਸ਼ਨ


ਨਵੀਂ ਦਿੱਲੀ, 26 ਜੁਲਾਈ : ਖੇਤੀ ਕਾਨੂੰਨਾਂ ਨੂੰ  ਰੱਦ ਕਰਵਾਉਣ ਲਈ ਦੇਸ਼ ਭਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ | ਇਸ ਦੌਰਾਨ ਕਈ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੀਆਂ ਹਨ | ਇਸ ਦੇ ਚਲਦਿਆਂ ਕਾਂਗਰਸ ਵਲੋਂ ਵੀ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |
ਅੱਜ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ, ਜਿਸ ਤੋਂ ਬਾਅਦ ਪੁਲਿਸ ਨੇ ਪਾਰਟੀ ਦੇ ਕੁੱਝ ਆਗੂਆਂ ਨੂੰ  ਹਿਰਾਸਤ ਵਿਚ ਲੈ ਲਿਆ | ਇਸ ਮੌਕੇ ਉਨ੍ਹਾਂ ਨਾਲ ਰਣਦੀਪ ਸੁਰਜੇਵਾਲਾ, ਦਪਿੰਦਰ ਹੁੱਡਾ, ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ ਸਮੇਤ ਕਈ ਮੈਂਬਰ ਵੀ ਟਰੈਕਟਰ 'ਤੇ ਸਵਾਰ ਸਨ | ਇਸ ਮੌਕੇ ਕਾਂਗਰਸ ਸੰਸਦ ਮੈਂਬਰਾਂ ਨੇ ਹੱਥ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ 'ਖੇਤੀ ਕਾਨੂੰਨ ਵਾਪਸ ਲਉ' ਅਤੇ 'ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ' ਲਿਖਿਆ ਹੋਇਆ ਸੀ | ਟਰੈਕਟਰ ਦੇ ਸਾਹਮਣੇ ਖੇਤੀ ਕਾਨੂੰਨਾਂ ਵਿਰੁਧ ਪੋਸਟਰ ਲਗਾਇਆ ਹੋਇਆ ਸੀ | ਇਸ ਉਤੇ 'ਕਿਸਾਨ ਵਿਰੋਧੀ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਲਉ-ਵਾਪਸ ਲਉ' ਲਿਖਿਆ ਹੋਇਆ ਹੈ | 
ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ  ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ | ਇਹ ਕਾਨੂੰਨ 2-3 ਵੱਡੇ ਉਦਯੋਗਪਤੀਆਂ ਲਈ ਹਨ | ਇਹ ਕਿਸਾਨਾਂ ਦੇ ਫ਼ਾਇਦੇ ਲਈ ਨਹੀਂ ਹਨ | ਇਹ ਕਾਲੇ ਕਾਨੂੰਨ ਹਨ | ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੇ ਸੰਦੇਸ਼ ਨੂੰ  ਸੰਸਦ ਤਕ ਲੈ ਕੇ ਆਇਆ ਹਾਂ | ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਸਾਨਾਂ ਦੀ ਆਵਾਜ਼ ਹੈ, ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ | ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਗ਼ਲਤ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ  ਅਤਿਵਾਦੀ ਤਕ ਕਿਹਾ ਜਾ ਰਿਹਾ ਹੈ |      (ਪੀਟੀਆਈ)