ਪੈਗਾਸਸ ਤੇ ਖੇਤੀ ਕਾਨੂੰਨਾਂ ’ਤੇ ਪਏ ਰੌਲੇ ਤੋਂ ਬਾਅਦ ਲੋਕ ਸਭਾ ਪੂਰੇ ਦਿਨ ਲਈ ਉਠੀ

ਏਜੰਸੀ

ਖ਼ਬਰਾਂ, ਪੰਜਾਬ

ਪੈਗਾਸਸ ਤੇ ਖੇਤੀ ਕਾਨੂੰਨਾਂ ’ਤੇ ਪਏ ਰੌਲੇ ਤੋਂ ਬਾਅਦ ਲੋਕ ਸਭਾ ਪੂਰੇ ਦਿਨ ਲਈ ਉਠੀ

image

ਨਵੀਂ ਦਿੱਲੀ, 26 ਜੁਲਾਈ : ਸੰਸਦ ਦੇ ਮਾਨਸੂਨ ਇਜਲਾਸ ਦੇ ਦੂਜੇ ਹਫ਼ਤੇ ਦੀ ਸ਼ੁਰੂਆਤ ਵੀ ਜ਼ੋਰਦਾਰ ਹੰਗਾਮੇ ਨਾਲ ਹੋਈ ਹੈ। ਸੈਸ਼ਨ ਦੇ ਪਹਿਲੇ ਹਫ਼ਤੇ ਵਿਚ ਲੋਕ ਸਭਾ ਅਤੇ ਰਾਜ ਸਭਾ ਦੋਵੇਂ ਸਦਨਾਂ ਵਿਚ ਇਕ ਦਿਨ ਵੀ ਚੰਗੀ ਤਰ੍ਹਾਂ ਕੰਮਕਾਜ ਨਹੀਂ ਹੋ ਸਕਿਆ। ਸੋਮਵਾਰ ਨੂੰ ਵੀ ਦੋਵੇਂ ਸਦਨਾ ਵਿਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਰੱਜ ਕੇ ਰੌਲਾ ਪਾਇਆ। ਰੌਲੇ ਕਾਰਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਉਠਾ ਦਿਤੀ ਗਈ। ਪੈਗਾਸਸ ਜਾਸੂਸੀ ਮਾਮਲਾ, ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਮੁੱਦਿਆਂ ’ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ, ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਦਨ ਵਿਚ ਪੈ ਰਹੇ ਰੌਲੇ ਵਿਚਾਲੇ ਦੋ ਬਿਲ ਵੀ ਪਾਸ ਕਰਵਾਏ। ਲੋਕ ਸਭਾ ਵਿਚ ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ ਐਂਟਰਪ੍ਰਨਯਰਸ਼ਿਪ ਐਂਡ ਮੈਨੇਜਮੈਂਟ ਬਿਲ 2021 ਅਤੇ ਫ਼ੈਕਟਰਿੰਗ ਰੈਗੂਲੇਸ਼ਨ (ਸੋਧ) ਬਿਲ 2021 ਪਾਸ ਕੀਤੇ ਗਏ।
  ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਨੇ ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਬਾਅਦ ਦੋਵੇਂ ਸਦਨਾਂ ਵਿਚ ਉਲੰਪਿਕ ਮੈਡਲਿਸਟ ਮੀਰਾਬਾਈ ਚਾਨੂੰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿਤੀ ਗਈ। ਇਸ ਤੋਂ ਬਾਅਦ ਹੰਗਾਮੇ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ 12 ਵਜੇ ਅਤੇ ਲੋਕ ਸਭਾ ਦੀ ਕਾਰਵਾਈ 2 ਵਜੇ ਤਕ ਮੁਲਤਵੀ ਕੀਤੀ ਗਈ। 
ਕਾਰਵਾਈ ਫਿਰ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਰਾਜ ਸਭਾ 4 ਵਜੇ ਤਕ ਅਤੇ ਲੋਕ ਸਭਾ ਮੰਗਲਵਾਰ ਸਵੇਰੇ 11 ਵਜੇ ਤਕ ਮੁਲਤਵੀ ਕੀਤੀ ਗਈ। ਪੇਗਾਸਸ ਜਾਸੂਸੀ ਕਾਂਡ, ਕਿਸਾਨ ਅੰਦੋਲਨ, ਮੀਡੀਆ ’ਤੇ ਛਾਪੇਮਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ’ਤੇ ਹਮਲਾਵਰ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਆਗੂਆਂ ਨੇ ਪੈਗਾਸਸ ਮਾਮਲੇ ’ਤੇ ਨਾਹਰੇਬਾਜ਼ੀ ਕੀਤੀ। 
  ਲੋਕ ਸਭਾ ਅਤੇ ਰਾਜ ਸਭਾ ਵਲੋਂ ਜਾਰੀ ਕੀਤੇ ਗਏ ਨੋਟਿਸਾਂ ਅਨੁਸਾਰ, ਸਰਕਾਰ ਨੇ ਇਸ ਹਫ਼ਤੇ ਦੀ ਕਾਰਵਾਈ ਲਈ ਪੰਜ ਆਰਡੀਨੈਂਸ ਸੂਚੀਬੱਧ ਕੀਤੇ ਹਨ। ਇਨ੍ਹਾਂ ਵਿਚ ਹੋਮਿਉਪੈਥੀ ਸੈਂਟਰਲ ਕੌਂਸਲ (ਸੋਧ) ਆਰਡੀਨੈਂਸ, ਇੰਡੀਅਨ ਮੈਡੀਸਨ ਸੈਂਟਰਲ ਕੌਂਸਲ (ਸੋਧ) ਆਰਡੀਨੈਂਸ, ਰਾਸ਼ਟਰੀ ਰਾਜਧਾਨੀ ਅਤੇ ਨਾਲ ਲਗਦੇ ਖੇਤਰਾਂ ਵਿਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਆਰਡੀਨੈਂਸ, ਇਨਸੋਲਵੈਂਸੀ ਐਂਡ ਦਿਵਾਲੀਆਪਣ ਕੋਡ (ਸੋਧ) ਆਰਡੀਨੈਂਸ ਅਤੇ ਜ਼ਰੂਰੀ ਰਖਿਆ ਸੇਵਾਵਾਂ ਆਰਡੀਨੈਂਸ ਸ਼ਾਮਲ ਹਨ।  
    (ਪੀਟੀਆਈ)