ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਪਾਰੀਆਂ ਨੂੰ ਦਿਤੀਆਂ ਪੰਜ ਗਾਰੰਟੀਆਂ

ਏਜੰਸੀ

ਖ਼ਬਰਾਂ, ਪੰਜਾਬ

ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਪਾਰੀਆਂ ਨੂੰ ਦਿਤੀਆਂ ਪੰਜ ਗਾਰੰਟੀਆਂ

image


ਕਿਹਾ, ਗੁਜਰਾਤ 'ਚ ਸਰਕਾਰ ਬਣੀ ਤਾਂ ਵਪਾਰੀਆਂ ਨੂੰ  ਹਿੱਸੇਦਾਰ ਬਣਾਵਾਂਗੇ

ਚੰਡੀਗੜ੍ਹ/ਗੁਜਰਾਤ, 26 ਜੁਲਾਈ (ਸਸਸ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਰਾਜਕੋਟ ਵਿਚ ਟਾਊਨ ਹਾਲ ਮੀਟਿੰਗ ਦੌਰਾਨ ਵਪਾਰੀਆਂ ਨੂੰ  ਪੰਜ ਗਾਰੰਟੀਆਂ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਗੁਜਰਾਤ ਵਿਚ ਵਪਾਰੀ ਨਿਡਰ ਹੋ ਕੇ ਅਪਣਾ ਕਾਰੋਬਾਰ ਕਰ ਸਕਣਗੇ | ਅਸੀਂ ਵਪਾਰੀਆਂ ਨੂੰ  ਸਰਕਾਰ ਦੇ ਹਿੱਸੇਦਾਰ ਬਣਾਵਾਂਗੇ | ਵਪਾਰੀ ਸਮੱਸਿਆਵਾਂ ਦਾ ਹੱਲ ਦਸਣਗੇ ਅਤੇ ਸਰਕਾਰ ਲਾਗੂ ਕਰੇਗੀ | ਵਪਾਰੀਆਂ ਦੇ ਅੰਦਰੋਂ ਡਰ ਦਾ ਮਾਹੌਲ ਖ਼ਤਮ ਕਰ ਦਿਆਂਗੇ | ਸਾਰਿਆਂ ਨੂੰ  ਸਨਮਾਨ ਮਿਲੇਗਾ ਅਤੇ ਭਿ੍ਸ਼ਟਾਚਾਰ ਤੋਂ ਆਜ਼ਾਦੀ ਦੇਵਾਂਗੇ |

ਅਸੀਂ ਛੇ ਮਹੀਨਿਆਂ ਦੇ ਅੰਦਰ ਵੈਟ ਅਤੇ ਜੀਐਸਟੀ ਦਾ ਬਕਾਇਆ ਰੀਫ਼ੰਡ ਦੇਵਾਂਗੇ |
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਨਿਜੀ ਤੌਰ 'ਤੇ ਜੀਐਸਟੀ ਪ੍ਰਣਾਲੀ ਦੇ ਹੱਕ ਵਿਚ ਨਹੀਂ ਹਾਂ | ਇਸ ਨੂੰ  ਸਰਲ ਬਣਾਉਣ ਦੀ ਲੋੜ ਹੈ ਤਾਂ ਜੋ ਵਪਾਰੀ ਆਸਾਨੀ ਨਾਲ ਟੈਕਸ ਅਦਾ ਕਰ ਸਕਣ | 2015 ਵਿਚ ਜਦੋਂ ਦਿੱਲੀ ਵਿਚ ਸਾਡੀ ਸਰਕਾਰ ਬਣੀ ਸੀ ਤਾਂ ਦਿੱਲੀ ਸਰਕਾਰ ਦਾ ਕੁਲ ਮਾਲੀਆ 30,000 ਕਰੋੜ ਰੁਪਏ ਸੀ ਅਤੇ ਅੱਜ ਸੱਤ ਸਾਲਾਂ ਬਾਅਦ ਇਹ 75,000 ਕਰੋੜ ਰੁਪਏ ਹੈ | ਦਿੱਲੀ ਵਿਚ ਅਸੀਂ ਪੰਜ-ਸੱਤ ਸਾਲਾਂ ਤੋਂ ਟੈਕਸ ਨਹੀਂ ਵਧਾਇਆ ਅਤੇ ਰੇਡ ਬੰਦ ਕਰ ਦਿਤੀ | ਫਿਰ ਅਸੀਂ ਸਾਰਿਆਂ ਲਈ ਬਿਜਲੀ, ਪਾਣੀ, ਸਿਖਿਆ ਅਤੇ ਇਲਾਜ ਵੀ ਮੁਫ਼ਤ ਕੀਤਾ ਹੈ | ਇਸ ਸਾਲ ਦੀ ਕੈਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੇ ਦੇਸ਼ ਵਿਚ ਦਿੱਲੀ ਹੀ ਅਜਿਹੀ ਸਰਕਾਰ ਹੈ, ਜੋ ਮੁਨਾਫ਼ੇ ਲਈ ਚਲ ਰਹੀ ਹੈ | ਸਾਨੂੰ ਗੁਜਰਾਤ ਵਿਚ ਮੌਕਾ ਦਿਉ ਅਤੇ ਦੇਖੋ | ਜੇਕਰ ਅਸੀਂ ਜੋ ਗਰੰਟੀ ਦੇ ਰਹੇ ਹਾਂ, ਉਸ ਨੂੰ  ਪੂਰਾ ਨਾ ਕੀਤਾ ਤਾਂ ਮੈਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਵਾਂਗਾ |
ਉਨ੍ਹਾਂ ਕਿਹਾ ਕਿ ਜੀਐਸਟੀ ਬਹੁਤ ਗੁੰਝਲਦਾਰ ਹੈ, ਸਾਨੂੰ ਪੂਰੇ ਦੇਸ਼ ਵਿਚ ਅਜਿਹੀ ਟੈਕਸ ਪ੍ਰਣਾਲੀ ਦੀ ਲੋੜ ਹੈ ਜਿਸ ਨੂੰ  ਲੋਕ ਆਸਾਨੀ ਨਾਲ ਭਰ ਸਕਣ | ਗੁਜਰਾਤ ਦੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੌਟਲਿਆ ਨੇ ਅਰਥ ਸ਼ਾਸਤਰ ਦੀ ਪੁਸਤਕ ਲਿਖੀ ਸੀ | ਉਸ ਨੇ ਅਪਣੀ ਕਿਤਾਬ ਵਿਚ ਇਕ ਚੰਗੀ ਗੱਲ ਲਿਖੀ ਸੀ ਕਿ ਇਕ ਰਾਜਾ ਅਪਣੀ ਜਨਤਾ ਤੋਂ ਅਜਿਹਾ ਟੈਕਸ ਲਵੇ ਕਿ ਉਸ ਨੂੰ  ਪਤਾ ਵੀ ਨਾ ਲੱਗੇ ਕਿ ਉਸ ਨੇ ਟੈਕਸ ਲਿਆ ਹੈ | ਜਿਵੇਂ ਮਧੂ ਮੱਖੀ ਅਪਣੇ ਛੱਤੇ ਵਿਚੋਂ ਸ਼ਹਿਦ ਕੱਢਦੀ ਹੈ, ਉਸ ਨੂੰ  ਇਹ ਵੀ ਪਤਾ ਨਹੀਂ ਲਗਦਾ ਕਿ ਸ਼ਹਿਦ ਨਿਕਲ ਗਿਆ ਹੈ |
ਕੇਜਰੀਵਾਲ ਨੇ ਕਿਹਾ ਕਿ ਦੇਸ਼ ਅੰਦਰ ਅਜਿਹਾ ਮਾਹੌਲ ਬਣਾ ਦਿਤਾ ਗਿਆ ਹੈ ਕਿ ਵਪਾਰੀ ਚੋਰ ਹੈ | ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਵਪਾਰੀ ਅਤੇ ਉਦਯੋਗਪਤੀ ਟੈਕਸ ਨਹੀਂ ਦੇਣਾ ਚਾਹੁੰਦੇ | 99 ਫ਼ੀ ਸਦੀ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਨਾ ਚਾਹੁੰਦੇ ਹਨ ਅਤੇ ਅਪਣਾ ਕਾਰੋਬਾਰ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਹਨ | ਪਰ ਉਨ੍ਹਾਂ ਨੂੰ  ਦੇਣ ਦਾ ਮੌਕਾ ਨਹੀਂ ਦਿਤਾ ਜਾਂਦਾ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਅੰਦਰ ਅਸੀਂ ਸਰਕਾਰ ਦੇ ਅੰਦਰੋਂ ਭਿ੍ਸ਼ਟਾਚਾਰ ਨੂੰ  ਖ਼ਤਮ ਕਰ ਦਿਤਾ ਹੈ | ਭਿ੍ਸ਼ਟਾਚਾਰ ਨੂੰ  ਖ਼ਤਮ ਕਰ ਕੇ ਅਸੀਂ ਬਹੁਤ ਸਾਰਾ ਪੈਸਾ ਬਚਾਉਣਾ ਸ਼ੁਰੂ ਕਰ ਦਿਤਾ | ਵਜੀਰਪੁਰ ਵਿਚ ਫਲਾਈਓਵਰ ਬਣਾਇਆ ਹੈ | ਅਸੀਂ ਵਜੀਰਪੁਰ ਫਲਾਈਓਵਰ ਨੂੰ  325 ਕਰੋੜ ਦੀ ਬਜਾਏ 200 ਕਰੋੜ ਰੁਪਏ ਵਿਚ ਪੂਰਾ ਕੀਤਾ ਅਤੇ 125 ਕਰੋੜ ਰੁਪਏ ਦੀ ਬਚਤ ਕੀਤੀ | ਕਿਉਂਕਿ ਅਸੀਂ ਪੈਸੇ ਨਹੀਂ ਖਾਂਦੇ |
ਉਨ੍ਹਾਂ ਦੀ ਸਰਕਾਰ ਆਉਣ 'ਤੇ ਸਾਰੇ ਰੀਫ਼ੰਡ ਛੇ ਮਹੀਨਿਆਂ ਦੇ ਅੰਦਰ ਜਾਰੀ ਕੀਤੇ ਜਾਣਗੇ | ਇਸ ਨਾਲ ਹੀ ਵਪਾਰੀਆਂ ਨਾਲ ਬੈਠ ਕੇ ਅਤੇ ਜੀਐਸਟੀ ਦੀ ਸਮੁੱਚੀ ਪ੍ਰਕਿਰਿਆ 'ਤੇ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਅਸੀਂ ਇਸ ਨੂੰ  ਆਸਾਨ ਬਣਾਉਣ ਦੀ ਕੋਸ਼ਿਸ਼ ਕਰਾਂਗੇ |
ਡੱਬੀ
ਕੇਜਰੀਵਾਲ ਨੇ ਸੋਮਨਾਥ ਮੰਦਰ ਤੋਂ ਅਸ਼ੀਰਵਾਦ ਲਿਆ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਸੋਮਨਾਥ ਮੰਦਰ ਵਿਚ ਪਹਿਲੇ ਜਯੋਤਿਰਲਿੰਗ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ | ਇਸ ਦੌਰਾਨ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਮਨਾਥ ਜੀ ਦੇ ਦਰਸਨ ਕਰ ਕੇ ਬਹੁਤ ਸਕੂਨ ਮਿਲਿਆ ਹੈ ਅਤੇ ਅੱਜ ਇਥੇ ਆ ਕੇ ਬਹੁਤ ਖ਼ੁਸ਼ੀ ਹੋਈ | ਇਥੇ ਮੈਂ ਦੇਸ਼ ਅਤੇ ਗੁਜਰਾਤ ਦੀ ਤਰੱਕੀ ਅਤੇ ਸਮੁੱਚੇ ਦੇਸ ਵਾਸੀਆਂ ਦੀ ਖੁਸਹਾਲੀ ਅਤੇ ਸਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਸਾਡੇ ਦੇਸ ਦੇ ਸਾਰੇ ਲੋਕ ਤਰੱਕੀ ਕਰਨ, ਸਾਰੇ ਖੁਸ ਰਹਿਣ, ਹਰ ਕੋਈ ਸਿਹਤਮੰਦ ਹੋਵੇ ਅਤੇ ਸਾਡਾ ਭਾਰਤ ਦੁਨੀਆ ਦਾ ਨੰਬਰ ਇਕ ਦੇਸ ਬਣ ਜਾਵੇ |