ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਮੰਗ - ਬੁਲਾਇਆ ਜਾਵੇ ਵਿਧਾਨ ਸਭਾ ਦਾ 'ਵਿਸ਼ੇਸ਼ ਬੇਅਦਬੀ ਵਿਰੋਧੀ ਇਜਲਾਸ'
ਕਿਹਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਲਗਾਤਾਰ ਹਮਲੇ ਹੋਣੇ ਅਤੇ ਬੇਅਦਬੀ ਹੋਣੀ ਵੱਡਾ ਅਪਰਾਧ ਹੈ
ਗੁਰਦਾਸਪੁਰ : ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ CM ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਚਿੱਠੀ ਹੈ। ਇਸ ਚਿੱਠੀ ’ਚ ਪ੍ਰਤਾਪ ਬਾਜਵਾ ਨੇ ਸਪੀਕਰ ਅਤੇ ਮੁੱਖ ਮੰਤਰੀ ਨੂੰ ਵਿਧਾਨ ਸਭਾ ’ਚ ਵਿਸ਼ੇਸ਼ ਬੇਅਦਬੀ ਵਿਰੋਧੀ ਇਜਲਾਸ ਬੁਲਾਉਣ ਦੀ ਮੰਗੀ ਕੀਤੀ ਹੈ।
ਗੁਰਦੁਆਰਾ ਸਾਹਿਬ ਵਿਖੇ ਹੋਈਆਂ ਬੇਅਦਬੀ ਦੇ ਮਾਮਲਿਆਂ ’ਚ ਇਜਲਾਸ ਦੌਰਾਨ ਵਿਸ਼ੇਸ਼ ਚਰਚਾ ਕਰਨੀ ਚਾਹੀਦੀ ਹੈ। ਪ੍ਰਤਾਪ ਬਾਜਵਾ ਨੇ ਸਪੀਕਰ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ, ‘‘ਅਜੌਕੇ ਸਮੇਂ ’ਚ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਲਗਾਤਾਰ ਹਮਲੇ ਹੋਣੇ ਅਤੇ ਬੇਅਦਬੀ ਹੋਣੀ ਮਹਾਂ ਅਪਰਾਧ ਹੈ। ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂਕਿ ਕੋਈ ਹੋਰ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।’’
ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਵਿਚ ਲਿਖਿਆ ਹੈ ਕਿ ਕਮਜ਼ੋਰ ਕਾਨੂੰਨ ਹੋਣ ਕਾਰਨ ਪਾਪੀ ਬੇਖੌਫ਼ ਹੋ ਕੇ ਬੇਅਦਬੀ ਦੀਆਂ ਵਾਰਦਾਤਾਂ ਕਰਦੇ ਹਨ, ਜਿਸ ਕਾਰਨ ਇਨ੍ਹਾਂ ਬੇਅਦਬੀਆਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ’ਚ 400 ਤੋਂ ਵੱਧ ਪਹੁੰਚ ਚੁੱਕੀ ਹੈ।’’ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਵਿਧਾਨ ਸਭਾ ਵਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ’ਚ ਇਹ ਰੋਸ ਹੈ ਕਿ ਬੇਅਦਬੀ ਸਬੰਧੀ ਕੋਈ ਇਨਸਾਫ਼ ਦੇਣਾ ਤਾਂ ਦੂਰ, ਅਸੀਂ ਤਾਂ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲਮ ਲਗਾਉਣਾ ਵੀ ਜ਼ਰੂਰੀ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਕਾਰਨ ਪਿਛਲੇ ਸਮੇਂ ਤੋਂ ਬੇਅਦਬੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੇਅਦਬੀ ਦੇ ਮਾਮਲੇ ਵਿਚ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਜਿਸ ਕਾਰਨ ਅਪਰਾਧੀਆਂ ਦੇ ਹੌਸਲੇ ਵਧਦੇ ਜਾ ਰਹੇ ਹਨ।