ਈਡੀ ਦੀ ਕਾਰਵਾਈ ਨੂੰ ਲੈ ਕੇ ਰਾਹੁਲ ਅਤੇ ਕਈ ਕਾਂਗਰਸ ਨੇਤਾਵਾਂ ਨੇ ਦਿਤਾ ਧਰਨਾ, ਹਿਰਾਸਤ ’ਚ ਲਏ ਗਏ
ਈਡੀ ਦੀ ਕਾਰਵਾਈ ਨੂੰ ਲੈ ਕੇ ਰਾਹੁਲ ਅਤੇ ਕਈ ਕਾਂਗਰਸ ਨੇਤਾਵਾਂ ਨੇ ਦਿਤਾ ਧਰਨਾ, ਹਿਰਾਸਤ ’ਚ ਲਏ ਗਏ
ਰਾਹੁਲ ਨੇ ਕਿਹਾ, ਗ੍ਰਿਫ਼ਤਾਰ ਕਰ ਕੇ ਵੀ ਚੁੱਪ ਨਹੀਂ ਕਰਵਾ ਸਕੋਗੇ
ਨਵੀਂ ਦਿੱਲੀ, 26 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ਤੋਂ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪੁੱਛਗਿੱਛ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਰਾਹੁਲ ਗਾਂਧੀ ਅਤੇ ਕਈ ਹੋਰ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਤੋਂ ਮਾਰਚ ਕੀਤਾ ਅਤੇ ਰਾਸ਼ਟਰਪਤੀ ਭਵਨ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਨੇ ਵਿਜੇ ਚੌਕ ’ਤੇ ਉਨ੍ਹਾਂ ਨੂੰ ਰੋਕ ਦਿਤਾ। ਇਸ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਉਥੇ ਧਰਨਾ ਦਿਤਾ। ਕਾਂਗਰਸ ਦਾ ਕਹਿਣਾ ਹੈ ਕਿ ਰਾਹੁਲ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਰਾਹੁਲ ਨੇ ਦੋਸ਼ ਲਾਇਆ, ‘’ਮੋਦੀ ਜੀ ਰਾਜਾ ਹਨ ਅਤੇ ਭਾਰਤ ਵਿਚ ਪੁਲਿਸ ਰਾਜ ਹੈ।”
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਪੁਲਿਸ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਵਿਜੇ ਚੌਕ ’ਤੇ ਰੋਕ ਲਿਆ। ਸਾਨੂੰ ਰਾਸ਼ਟਰਪਤੀ ਭਵਨ ਜਾਣ ਤੋਂ ਰੋਕ ਦਿਤਾ ਗਿਆ। ਜ਼ਬਰਨ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਅਸੀਂ ਪੁਲਿਸ ਬੱਸ ਵਿਚ ਹਾਂ, ਸਿਰਫ਼ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹੀ ਜਾਣਦੇ ਹਨ ਕਿ ਸਾਨੂੰ ਕਿਥੇ ਲਿਜਾਇਆ ਜਾ ਰਿਹਾ ਹੈ।” ਇਸ ਤੋਂ ਪਹਿਲਾਂ ਸੋਨੀਆ ਮੰਗਲਵਾਰ ਨੂੰ ਦੂਜੇ ਦੌਰ ਦੀ ਪੁੱਛ-ਗਿੱਛ ਲਈ ਈ.ਡੀ. ਦੇ ਸਾਹਮਣੇ ਪੇਸ਼ ਹੋਈ। ਈ.ਡੀ. ਨੇ ਇਸ ਤੋਂ ਪਹਿਲਾਂ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਤੋਂ ਦੋ ਘੰਟੇ ਪੁੱਛਗਿੱਛ ਕੀਤੀ ਸੀ। ਇਸ ਦੇ ਵਿਰੋਧ ’ਚ ਕਾਂਗਰਸ ਨੇ ਪੂਰੇ ਦੇਸ਼ ’ਚ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਪਾਰਟੀ ਦੇ ਕਈ ਆਗੂਆਂ ਨੇ ਗ੍ਰਿਫ਼ਤਾਰੀਆਂ ਦਿਤੀਆਂ ਸਨ। (ਪੀਟੀਆਈ)