ਅਬੋਹਰ ਦੇ ਹਸਪਤਾਲ 'ਚ ਮਰੀਜ਼ਾਂ ਨੇ ਮਚਾਇਆ ਹੰਗਾਮਾ, ਇਕ-ਦੂਜੇ 'ਤੇ ਇੱਟਾਂ ਨਾਲ ਕੀਤਾ ਵਾਰ
ਬੋਤਲ ਰੱਖਣ ਵਾਲੇ ਸਟੈਂਡ ਨਾਲ ਕੀਤਾ ਇਕ-ਦੂਜੇ 'ਤੇ ਹਮਲਾ
ਅਬੋਹਰ: ਅਬੋਹਰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਹੰਗਾਮੇ ਦੀ ਵੀਡੀਓ ਵਾਇਰਲ ਹੋਈ ਹੈ। ਬੁੱਧਵਾਰ ਰਾਤ ਨੂੰ ਜਿਵੇਂ ਹੀ ਦੋ ਗੁੱਟਾਂ ਦੇ 6 ਜ਼ਖ਼ਮੀ ਲੋਕ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਹਸਪਤਾਲ ਦੀ ਐਮਰਜੈਂਸੀ 'ਚ ਹੰਗਾਮਾ ਕਰ ਦਿਤਾ। ਸਾਮਾਨ ਦੀ ਭੰਨਤੋੜ ਕੀਤੀ ਗਈ ਅਤੇ ਐਮਰਜੈਂਸੀ ਵਿਚ ਤਾਇਨਾਤ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਵਨ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਇਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਨੀਰਜਾ ਗੁਪਤਾ ਨੇ ਦਸਿਆ ਕਿ ਬੀਤੀ ਰਾਤ ਜਦੋਂ ਡਾ.ਸੰਦੀਪ ਅਤੇ ਫਾਰਮੇਸੀ ਅਫ਼ਸਰ ਅਕਸ਼ੈ ਕੁਮਾਰ ਐਮਰਜੈਂਸੀ 'ਚ ਡਿਊਟੀ 'ਤੇ ਸਨ ਤਾਂ ਪਿੰਡ ਬੁਰਜਮੁਹਾਰ ਤੇ ਖੂਈਆਂਸਰਵਰ ਦੇ ਕੁਝ ਵਿਅਕਤੀ ਆਪਸੀ ਲੜਾਈ 'ਚ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚ ਗਏ| ਰਾਤ ਕਰੀਬ 12 ਵਜੇ ਪੁੱਜੇ ਉਕਤ ਵਿਅਕਤੀਆਂ ਦੇ ਨਾਲ ਉਨ੍ਹਾਂ ਦੇ 25 ਤੋਂ ਵੱਧ ਰਿਸ਼ਤੇਦਾਰ ਵੀ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹਸਪਤਾਲ ਦੇ ਮੁੱਖ ਗੇਟ 'ਤੇ ਹੰਗਾਮਾ ਕੀਤਾ |
ਇਹ ਵੀ ਪੜ੍ਹੋ: ਸਾਡੀ ਸਰਕਾਰ ਕਿਸਾਨਾਂ ਦਾ ਦੁੱਖ ਦਰਦ ਸਮਝਣ ਵਾਲੀ ਸਰਕਾਰ ਹੈ-PM ਮੋਦੀ
ਐਸਐਮਓ ਅਨੁਸਾਰ ਬਾਹਰ ਹੰਗਾਮਾ ਹੋਣ ਤੋਂ ਬਾਅਦ ਉਹ ਐਮਰਜੈਂਸੀ ਰੂਮ ਵਿਚ ਦਾਖਲ ਹੋਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਐਮਰਜੈਂਸੀ 'ਚ ਰੱਖੀਆਂ ਬੋਤਲਾਂ ਲਟਕਾਉਣ ਲਈ ਸਟੈਂਡ ਲੈ ਕੇ ਇਕ ਦੂਜੇ 'ਤੇ ਹੱਥੋਪਾਈ ਸ਼ੁਰੂ ਕਰ ਦਿਤੀ। ਇਕ-ਦੂਜੇ 'ਤੇ ਇੱਟਾਂ ਸੁੱਟੀਆਂ ਗਈਆਂ, ਜਿਸ ਕਾਰਨ ਐਮਰਜੈਂਸੀ ਗੇਟਾਂ ਨੂੰ ਵੀ ਨੁਕਸਾਨ ਪੁੱਜਾ। ਮੌਕੇ 'ਤੇ ਤਾਇਨਾਤ ਡਾਕਟਰਾਂ ਨੇ ਸਿਟੀ ਫੋਰੈਸਟ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕੁਝ ਹੁਲੜਬਾਜ਼ਾਂ ਨੂੰ ਹਿਰਾਸਤ 'ਚ ਲੈ ਲਿਆ | ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਹਸਪਤਾਲ ਵਿਚ ਮਰੀਜ਼ਾਂ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਪੁਲਿਸ ਚੌਕੀ ਤਾਇਨਾਤ ਕੀਤੀ ਜਾਵੇ।