Kargil War Martyr: ਕਾਰਗਿਲ ਜੰਗ ਵਿਚ ਸ਼ਹੀਦ ਹੋਇਆ ਫ਼ਾਜ਼ਿਲਕਾ ਦਾ 19 ਸਾਲਾ ਪੁੱਤ ਮਾਂ ਲਈ ਅਜੇ ਵੀ ਜ਼ਿੰਦਾ
ਜਾਇਦਾਦ ਵਿਚ ਦਿਤਾ ਹਿੱਸਾ, ਘਰ ’ਚ ਬਣਾਇਆ ਵੱਖਰਾ ਕਮਰਾ
19-year-old son of Fazilka who was martyred in Kargil war is still alive for his mother News in punjabi : ਭਾਵੇਂ ਕਾਰਗਿਲ ਜੰਗ ਨੂੰ 26 ਸਾਲ ਹੋ ਚੁੱਕੇ ਹਨ, ਪਰ ਇਸ ਜੰਗ ਵਿਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲਾ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਦਾ ਬਲਵਿੰਦਰ ਸਿੰਘ ਅੱਜ ਵੀ ਅਪਣੀ ਮਾਂ ਲਈ ਜ਼ਿੰਦਾ ਹੈ। ਮਾਂ ਨੇ ਅਪਣੇ ਤਿੰਨ ਹੋਰ ਪੁੱਤਾਂ ਦੇ ਨਾਲ-ਨਾਲ ਚੌਥੇ ਸ਼ਹੀਦ ਪੁੱਤ ਨੂੰ ਵੀ ਜਾਇਦਾਦ ਵਿਚ ਹਿੱਸਾ ਦਿਤਾ ਹੈ ਤੇ ਉਸਦੇ ਨਾਮ ’ਤੇ ਇਕ ਵੱਖਰਾ ਕਮਰਾ ਤਿਆਰ ਕਰਵਾਇਆ ਗਿਆ ਹੈ, ਜਿੱਥੇ 24 ਘੰਟੇ ਲਾਈਟ ਤੇ ਪੰਖਾ ਚਾਲੂ ਰਹਿੰਦੇ ਹਨ। ਪਾਣੀ ਤੇ ਹੋਰ ਸਹੂਲਤਾਂ ਵੀ ਉਥੇ ਹਮੇਸ਼ਾ ਤਿਆਰ ਰਹਿੰਦੀਆਂ ਹਨ।
ਆਖ਼ਰੀ ਵਾਰ ਜੋ ਵਰਦੀ ਬਲਵਿੰਦਰ ਨੇ ਪਾਈ ਸੀ, ਉਹ ਵੀ ਉਸ ਕਮਰੇ ਵਿਚ ਸੰਭਾਲ ਕੇ ਰੱਖੀ ਹੋਈ ਹੈ। ਮਾਂ ਬਚਨ ਕੌਰ ਮੁਤਾਬਕ ਕਈ ਵਾਰੀ ਉਨ੍ਹਾਂ ਨੂੰ ਅਪਣੇ ਪੁੱਤ ਦੇ ਆਉਣ ਦੀ ਆਹਟ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਕਮਰੇ ਵਿਚ ਆ ਕੇ ਆਰਾਮ ਕਰਦਾ ਹੈ ਤੇ ਫਿਰ ਡਿਊਟੀ ’ਤੇ ਚਲਾ ਜਾਂਦਾ ਹੈ। 1999 ਵਿਚ ਜਦੋਂ ਪਾਕਿਸਤਾਨ ਨੇ ਕਾਰਗਿਲ ਵਿਚ ਘੁਸਪੈਠ ਕਰ ਭਾਰਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫ਼ੌਜ ਨੇ ਮੁੰਹਤੋੜ ਜਵਾਬ ਦਿਤਾ ਜਿਸ ਵਿਚ ਅਨੇਕਾਂ ਯੋਧੇ ਸ਼ਹੀਦ ਹੋ ਗਏ।
ਇਸੇ ਜੰਗ ਵਿਚ ਫ਼ਾਜ਼ਿਲਕਾ ਦੇ ਪਿੰਡ ਸਾਬੂਆਣਾ ਦਾ ਬਲਵਿੰਦਰ ਸਿੰਘ ਵੀ ਸ਼ਹੀਦ ਹੋਇਆ। ਉਹ ਸਿਰਫ਼ 19 ਸਾਲਾਂ ਦਾ ਸੀ, ਪਰ ਦੇਸ਼ ਲਈ ਜਾਨ ਦੀ ਕੁਰਬਾਨੀ ਦੇ ਦਿਤੀ। ਪਰਵਾਰ ਸਾਬੂਆਣਾ ਤੋਂ ਫਾਜ਼ਿਲਕਾ ਦੇ ਨੇੜਲੇ ਇਲਾਕੇ ਕਾਂਸ਼ੀ ਰਾਮ ਕਾਲੋਨੀ ਵਲ ਆ ਕੇ ਵੱਸ ਗਿਆ, ਜਿਸ ਨਾਂ ਨੂੰ ਬਾਅਦ ’ਚ ‘‘ਸ਼ਹੀਦ ਬਲਵਿੰਦਰ ਸਿੰਘ ਯਾਦਗਾਰੀ’’ ਰੱਖ ਦਿਤਾ ਗਿਆ।
ਮਾਂ ਬਚਨ ਕੌਰ ਨੇ ਦਸਿਆ ਕਿ ਜਦੋਂ ਉਹ 17 ਸਾਲ ਦਾ ਸੀ, ਤਾਂ ਉਸ ਨੇ ਫ਼ੌਜ ਵਿਚ ਭਰਤੀ ਹੋਣ ਦਾ ਫ਼ੈਸਲਾ ਕੀਤਾ। ਪਰਵਾਰ ਵਿਚ ਕਈ ਰਿਸ਼ਤੇਦਾਰ ਫ਼ੌਜ ਵਿਚ ਸਨ, ਜਿਸ ਕਰ ਕੇ ਕਿਸੇ ਡਰ ਦੀ ਭਾਵਨਾ ਨਹੀਂ ਸੀ। ਭਰਤੀ ਹੋਣ ਦੇ ਥੋੜੇ ਸਮੇਂ ਬਾਅਦ ਹੀ ਕਾਰਗਿਲ ਜੰਗ ਸ਼ੁਰੂ ਹੋ ਗਈ।
ਭਰਾ ਬੂਟਾ ਸਿੰਘ ਨੇ ਕਿਹਾ ਕਿ ਉਸਦਾ ਭਰਾ ਮਰਿਆ ਨਹੀਂ, ਉਹ ਦੇਸ਼ ਲਈ ਕੁਰਬਾਨ ਹੋਇਆ ਹੈ। ਬਲਿਦਾਨੀ ਕਦੇ ਨਹੀਂ ਮਰਦੇ, ਉਹ ਸਦਾ ਲਈ ਅਮਰ ਰਹਿੰਦੇ ਹਨ। ਉਸਨੇ ਦਸਿਆ ਕਿ ਭਾਵੇਂ ਉਸਦਾ ਨੌਜਵਾਨ ਭਰਾ ਸ਼ਹੀਦ ਹੋ ਗਿਆ, ਪਰ ਪਰਵਾਰ ਨੇ ਕਦੇ ਹੌਸਲਾ ਨਹੀਂ ਹਾਰਿਆ ਅਤੇ ਅੱਜ ਵੀ ਉਹਦੇ ਰਸਤੇ ’ਤੇ ਤੁਰ ਰਹੇ ਹਨ।
ਦੁਸ਼ਮਣਾਂ ਨਾਲ ਪੰਜ ਘੰਟੇ ਲੜਦਾ ਰਿਹਾ ਬਲਵਿੰਦਰ
ਨਮ ਅੱਖਾਂ ਨਾਲ ਮਾਂ ਬਚਨ ਕੌਰ ਨੇ ਦਸਿਆ ਕਿ ਪੁੱਤਰ ਬਲਵਿੰਦਰ ਨੇ ਦੂਰੋਂ ਦੋ ਦੁਸ਼ਮਣ ਵੇਖੇ ਤੇ ਉਨ੍ਹਾਂ ’ਤੇ ਹਮਲਾ ਕਰ ਦਿਤਾ। ਲਗਭਗ ਪੰਜ ਘੰਟੇ ਤਕ ਉਹ ਲੜਦਾ ਰਿਹਾ, ਪਰ ਜਦੋਂ ਉਸ ਕੋਲ ਮੌਜੂਦ ਗੋਲਾਬਾਰੂਦ ਖ਼ਤਮ ਹੋ ਗਿਆ ਤਾਂ ਉਹ ਦੇਸ਼ ਲਈ ਸ਼ਹੀਦ ਹੋ ਗਿਆ। ਮਾਂ ਨੇ ਦਸਿਆ ਕਿ ਉਸਨੂੰ ਕਈ ਵਾਰੀ ਪੁੱਤ ਦੇ ਘਰ ਆਉਣ ਦਾ ਅਹਿਸਾਸ ਹੋਇਆ। ਉਸ ਦੇ ਨਾਂ ’ਤੇ ਬਣਾਏ ਕਮਰੇ ’ਚ ਉਸ ਦੀਆਂ ਤਸਵੀਰਾਂ, ਉਪਲਬਧੀਆਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਉਸ ਦਾ ਭਰਾ ਬੂਟਾ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਰੋਜ਼ਾਨਾ ਉਸ ਕਮਰੇ ’ਚ ਧੂਪਬੱਤੀ ਲਾਉਂਦੇ ਹਨ।