Banur News: ਪੁਰਾਣੀ ਰੰਜ਼ਿਸ਼ ਕਾਰਨ ਦੋਸਤਾਂ ਨੇ ਕਤਲ ਕਰ ਕੇ ਨਹਿਰ ਕੰਢੇ ਦੱਬੀ ਨੌਜਵਾਨ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਜੁਲਾਈ ਤੋਂ ਲਾਪਤਾ ਸੀ ਮ੍ਰਿਤਕ

Banur News

Banur News: ਬਨੂੜ ਦੇ ਪਿੰਡ ਉੜਦਨ ਦੇ ਨੌਜਵਾਨ ਦਾ ਦੋਸਤਾਂ ਨੇ ਕਤਲ ਕਰ ਕੇ ਲਾਸ਼ ਨੂੰ ਨਹਿਰ ਕੰਢੇ ਦੱਬ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਤਰਸੇਮ (30) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਪਵਨ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਤਰਸੇਮ ਸਿੰਘ 20 ਜੁਲਾਈ ਤੋਂ ਲਾਪਤਾ ਸੀ, ਜਿਸ ਸਬੰਧੀ ਬਨੂੜ ਥਾਣੇ ’ਚ ਸ਼ਿਕਾਇਤ ਕੀਤੀ ਗਈ ਸੀ। 

ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਗੁਆਂਢੀਆਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਤਰਸੇਮ ਆਪਣੇ ਦੋਸਤ ਸ਼ੁਭਮ ਉਰਫ਼ ਸ਼ੁਭੀ ਵਾਸੀ ਖੇੜਾ ਗੱਜੂ ਦੇ ਮੋਟਰਸਾਈਕਲ ’ਤੇ ਬੈਠ ਕੇ ਜਾਂਦਾ ਵਿਖਾਈ ਦਿੱਤਾ ਸੀ। ਜਦੋਂ ਸ਼ੁਭਮ ਕੋਲੋਂ ਪੁੱਛ-ਪੜਤਾਲ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਉਨ੍ਹਾਂ ਨੇ ਪਹਿਲਾਂ ਠੇਕੇ ’ਤੇ ਬੈਠ ਕੇ ਸ਼ਰਾਬ ਪੀਤੀ ਸੀ। ਇਸ ਦੌਰਾਨ ਉੱਥੇ ਹੀ ਗੁਰਪ੍ਰੀਤ ਸਿੰਘ ਉਰਫ਼ ਟੈਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੀਗੇ ਮਾਜਰਾ, ਕਰਨ ਨੇਪਾਲੀ, ਟੋਨੀ ਵਾਸੀ ਪਿੰਡ ਮਾਣਕਪੁਰ ਆ ਗਏ ਸਨ। ਅਹਾਤੇ ਵਿੱਚ ਦਾਰੂ ਪੀਣ ਮਗਰੋਂ ਸਾਰੇ ਐੱਸਵਾਈਐੱਲ ਨਹਿਰ ਦੇ ਕੰਢੇ ਆ ਗਏ ਤੇ ਉੱਥੇ ਆਪਸੀ ਤਕਰਾਰ ਮਗਰੋਂ ਉਨ੍ਹਾਂ ਨੇ ਤਰਸੇਮ ਦੇ ਸਿਰ ਵਿਚ ਲੋਹੇ ਦੀ ਹੱਥੀ ਮਾਰ  ਦਿੱਤੀ। ਜਿਸ ਮਗਰੋਂ ਤਰਸੇਮ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਰਾਤ ਨੂੰ ਸਾਰੇ ਦੋਸਤਾਂ ਨੇ ਤਰਸੇਮ ਦੀ ਲਾਸ਼ ਨੂੰ ਐੱਸਵਾਈਐੱਲ ਕੰਢੇ ਟੋਆ ਪੁੱਟ ਕੇ ਦੱਬ ਦਿੱਤਾ। ਬਨੂੜ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਬੀਤੀ ਦੇਰ ਰਾਤ ਲਾਸ਼ ਨੂੰ ਮਿੱਟੀ ਵਿੱਚੋਂ ਕੱਢਿਆ ਅਤੇ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। 

ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜ਼ਿਸ਼ ਕਾਰਨ ਮ੍ਰਿਤਕ ਦੇ ਸਿਰ ਵਿੱਚ ਸੱਟ ਮਾਰ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। 

ਪੁਲਿਸ ਵੱਲੋਂ ਮਾਨਯੋਗ ਅਦਾਲਤ ਪਾਸੋਂ ਵਾਰਦਾਤ ਵਿੱਚ ਵਰਤੀ ਲੋਹੇ ਦੀ ਹੱਥੀ ਅਤੇ ਪੰਜੇ ਮੋਟਰ ਸਾਇਕਲ ਜੋ ਵਾਰਦਾਤ ਵੇਲੇ ਵਰਤੇ ਸਨ ਬਰਾਮਦ ਕਰਵਾਉਣ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਮਾਨਯੋਗ ਅਦਾਲਤ ਵੱਲੋਂ 5 ਦਿਨ ਮਨਜ਼ੂਰ ਕਰ ਕੀਤੇ ਗਏ। ਦੋਸ਼ੀਆ ਕੋਲੋਂ ਪੁੱਛ-ਗਿੱਛ ਕਰਨ ਲਈ ਜਸਪਾਲ ਸਿੰਘ ਉਰਫ਼ ਟੋਨੀ ਅਤੇ ਸੁਭਮ ਉਰਫ਼ ਸੁਭੀ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ।