Kotkapura News: 2 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਇਕੋ ਪਿੰਡ ਵਿਚ ਲਵ ਮੈਰਿਜ ਵਿਰੁਧ ਮਤਾ ਪਾਸ

ਏਜੰਸੀ

ਖ਼ਬਰਾਂ, ਪੰਜਾਬ

ਇਸ ਮੀਟਿੰਗ ਦੀ ਪ੍ਰਧਾਨਗੀ ਸਿਰਸੜੀ ਦੀ ਸਰਪੰਚ ਬੀਬੀ ਗਿਆਨ ਕੌਰ ਅਤੇ ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਨੇ ਕੀਤੀ

 Kotkapura News

 Kotkapura News: ਨੇੜਲੇ ਪਿੰਡਾਂ ਸਿਰਸੜੀ ਅਤੇ ਅਨੋਖਪੁਰਾ ਦੀਆਂ ਗ੍ਰਾਮ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਜਨਤਕ ਇਕੱਠ ਕਰ ਕੇ ਕਈ ਅਹਿਮ ਮਤੇ ਪਾਸ ਕੀਤੇ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਸਿਰਸੜੀ ਦੀ ਸਰਪੰਚ ਬੀਬੀ ਗਿਆਨ ਕੌਰ ਅਤੇ ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਨੇ ਕੀਤੀ।

ਇਸ ਮੌਕੇ ਮਤਿਆਂ ਸਬੰਧੀ ਜਨਤਕ ਰਾਇ ਵੀ ਲਈ ਗਈ, ਜਿਸ ਵਿਚ ਨਗਰ ਦੇ ਪਤਵੰਤੇ-ਵਿਅਕਤੀਆਂ ਨੇ ਆਪੋ-ਅਪਣੇ ਸੁਝਾਅ ਦਿਤੇ। ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ’ਚ ਪਿੰਡ ਦਾ ਵਸਨੀਕ ਮੁੰਡਾ, ਕੁੜੀ ਜੇਕਰ ਆਪਸ ਵਿਚ ਵਿਆਹ ਕਰਵਾ ਕੇ ਪਿੰਡ ਵਿਚ ਹੀ ਰਹਿਣਗੇ ਤਾਂ ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਇਨ੍ਹਾਂ ਦਾ ਬਾਈਕਾਟ ਕਰ ਕੇ ਪੂਰਾ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਸਿਵਲ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡਾ ਇਸ ਮਾਮਲੇ ’ਚ ਸਹਿਯੋਗ ਕੀਤਾ ਜਾਵੇ। ਮਤੇ ’ਚ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਵਿਆਹਾਂ ’ਤੇ ਸਰਕਾਰੀ ਤੌਰ ’ਤੇ ਪਾਬੰਦੀ ਲਾਈ ਜਾਵੇ ਤਾਂ ਅਣਖਾਂ ਖ਼ਾਤਰ ਹੋਣ ਵਾਲੇ ਕਤਲ ਕਾਫ਼ੀ ਹੱਦ ਤਕ ਰੁਕ ਸਕਦੇ ਹਨ।

ਪਿੰਡ ਦੇ ਵਸਨੀਕ ਹੋਣ ਸਬੰਧੀ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਪਿੰਡ ਵਿਚ ਨਹੀਂ ਰਹਿ ਸਕੇਗਾ। ਮਤਾ ਨੰਬਰ ਤਿੰਨ ਅਨੁਸਾਰ ਚਿੱਟਾ ਨਸ਼ਾ ਵੇਚਣ ਵਾਲੇ ਦੀ ਦੋਹਾਂ ਗ੍ਰਾਮ ਪੰਚਾਇਤਾਂ ਵਲੋਂ ਉਕਾ ਮਦਦ ਨਹੀਂ ਕੀਤੀ ਜਾਵੇਗੀ ਅਤੇ ਉਸ ਵਿਰੁਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।