ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜਥੇਦਾਰ ਮਰਜ਼ੀ ਨਾਲ ਵਰਤੇ : ਬੁਲਾਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਦੇ ਹਲਕਾ ਦਖਣੀ ਤੋਂ ਵਿਧਾਇਕ ਨੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਦੋਸ਼ਾਂ ਦੀ ਝੜੀ ਲਗਾਉਂਦਿਆਂ...........

Inderbir Singh Bolaria addressing the press.

ਅੰਮ੍ਰਿਤਸਰ : ਸਾਬਕਾ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਦੇ ਹਲਕਾ ਦਖਣੀ ਤੋਂ ਵਿਧਾਇਕ ਨੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਦੋਸ਼ਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਸਿਆਸੀ ਹਿਤਾਂ ਦੀ ਖ਼ਾਤਰ ਐਸ.ਜੀ.ਪੀ.ਸੀ ਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵਰਤਿਆ ਤੇ ਮਰਜ਼ੀ ਦੇ ਫ਼ੈਸਲੇ ਕਰਵਾ ਕੇ ਸਿੱਖ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਦਾ ਘੋਰ ਨਿਰਾਦਰ ਕੀਤਾ। ਇਥੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁਲਾਰੀਆ ਨੇ ਕਈ ਅਹਿਮ ਪ੍ਰਗਟਾਵੇ ਕੀਤੇ। 

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾਉਣ ਦਾ ਨਾਦਰਸ਼ਾਹੀ ਹੁਕਮ ਸੁਖਬੀਰ ਬਾਦਲ ਨੇ ਅਵਤਾਰ ਸਿੰਘ ਮੱਕੜ ਨੂੰ ਉਨ੍ਹਾਂ ਦੇ ਸਾਹਮਣੇ ਦਿਤਾ ਸੀ। ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਵਿਚ ਬਰਤਨ ਵੰਡਣ ਲਈ ਸੁਖਬੀਰ ਤੇ ਮਜੀਠੀਆ ਨੇ ਸ਼੍ਰੋਮਣੀ ਕਮੇਟੀ ਦੀ ਗੋਲਕ ਵਿਚੋਂ 5 ਟਰੱਕ ਮੰਗਵਾ ਕੇ ਡੇਰਾ ਪ੍ਰੇਮੀਆਂ ਨੂੰ ਵੰਡੇ ਸਨ ਤਾਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਤਾਇਆ ਜਾ ਸਕੇ। ਬੀਬਾ ਹਰਸਿਮਰਤ ਕੌਰ ਬਾਦਲ ਆਰ.ਐਸ.ਐਸ ਦੇ ਮੁਖੀ ਦੀਆਂ ਮਿੰਨਤਾਂ ਕਰ ਕੇ ਕੈਬਿਨਟ ਮੰਤਰੀ ਬਣੀ। ਨਰਿੰਦਰ ਮੋਦੀ ਨੇ ਬੀਬੀ ਬਾਦਲ ਨੂੰ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਬਣਾਉਣ ਤੋਂ ਨਾਹ ਕਰ ਦਿਤੀ ਸੀ।

ਬੁਲਾਰੀਆ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਚ ਮੁਕਰਨ ਵਾਲੇ ਗਵਾਹ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਦਾ 3 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਤੋਂ ਦਿਤੇ ਅਸਤੀਫ਼ੇ ਦੀ ਕਾਪੀ ਪ੍ਰੈਸ ਨੂੰ ਦਿਖਾਉਂਦਿਆਂ ਕਿਹਾ ਕਿ ਅਸਤੀਫ਼ੇ ਵਿਚ ਸੁਖਬੀਰ ਬਾਦਲ ਨੂੰ ਪੰਥ ਵਿਰੋਧੀ ਦਸਣ ਵਾਲੇ ਹਿੰਮਤ ਸਿੰਘ ਸਪਸ਼ਟ ਕਰਨ ਕਿ ਉਨ੍ਹਾਂ ਉਸ ਵੇਲੇ ਕਿਸ ਦੇ ਦਬਾਅ ਹੇਠ ਅਸਤੀਫ਼ਾ ਲਿਖਿਆ। ਉਸ ਵੇਲੇ ਨਾ ਤਾਂ ਕੋਈ ਕਮਿਸ਼ਨ ਹੀ ਬਣਿਆ ਸੀ ਤੇ ਨਾ ਹੀ ਰੰਧਾਵਾ ਉਸ ਵੇਲੇ ਮੰਤਰੀ ਸਨ। ਹਿੰਮਤ ਸਿੰਘ ਨੇ ਅਪਣੇ ਅਸਤੀਫ਼ੇ ਵਿਚ ਅਕਾਲੀ ਲੀਡਰਸ਼ਿਪ 'ਤੇ ਕਈ ਨਿਸ਼ਾਨੇ ਸਾਧੇ ਹਨ।

ਸੁਖਜਿੰਦਰ ਸਿੰਘ ਰੰਧਾਵਾ ਨਾਲ ਕਾਂਗਰਸ ਪਾਰਟੀ ਡੱਟ ਕੇ ਚਟਾਨ ਵਾਂਗ ਖੜੀ ਹੈ ਤੇ ਰੰਧਾਵਾ ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ। ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅੱਗੇ ਪੇਸ਼ ਹੋ ਕੇ ਇਕ ਬੇਨਤੀ ਪੱਤਰ ਦੇ ਕੇ ਸੁਖਬੀਰ ਬਾਦਲ, ਮਜੀਠੀਆ ਤੇ ਹਰਸਿਮਰਤ ਕੌਰ  ਬਾਦਲ ਨੂੰ 2007 ਵਿਚ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕਾਰਵਾਈ ਕਰਨ ਲਈ ਬੇਨਤੀ ਕਰਨਗੇ। 

ਹਿੰਮਤ ਸਿੰਘ ਨੂੰ ਬਿਆਨਾਂ ਤੋਂ ਮੁਕਰਨ ਵਾਸਤੇ ਸੁਖਬੀਰ ਤੇ ਮਜੀਠੀਆ ਨੇ ਹਰ ਹੀਲਾ ਵਰਤਿਆ ਹੈ। ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਤੇ ਉਸ ਕੋਲੋਂ 2017 ਦੀਆਂ ਵੋਟਾਂ ਵਿਚ ਹਮਾਇਤ ਲੈਣ ਦੀ ਡੀਲ ਕਰ ਕੇ ਸੁਖਬੀਰ ਬਾਦਲ ਨੇ ਪੰਥ ਨਾਲ ਗੱਦਾਰੀ ਕੀਤੀ ਹੈ। ਇਸ ਲਈ ਸਿੱਖ ਸੰਗਤ ਕਦੇ ਵੀ ਬਾਦਲ ਤੇ ਮਜੀਠੀਆ ਨੂੰ ਮਾਫ਼ ਨਹੀਂ ਕਰਨਗੇ।