ਜੀਐਸਟੀ ਬੈਠਕ ਵਿਚ ਹੱਲ ਥੋਪਿਆ ਗਿਆ : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਜੀਐਸਟੀ ਬੈਠਕ ਵਿਚ ਹੱਲ ਥੋਪਿਆ ਗਿਆ : ਕਾਂਗਰਸ

image

ਨਵੀਂ ਦਿੱਲੀ, 27 ਅਗੱਸਤ : ਕਾਂਗਰਸ ਨੇ ਜੀਐਸਟੀ ਪਰਿਸ਼ਦ ਦੀ ਬੈਠਕ ਦੇ ਨਤੀਜਿਆਂ ਬਾਰੇ ਨਾਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਾਜਾਂ 'ਤੇ ਹੱਲ ਥੋਪਣ ਦੀ ਬਜਾਏ ਵਿਵਾਦਾਂ ਦੇ ਹੱਲ ਲਈ ਪ੍ਰਬੰਧ ਬਣਾਇਆ ਜਾਣਾ ਚਾਹੀਦਾ ਹੈ। ਪਾਰਟੀ ਵਲੋਂ ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਛੱਤੀਸਗੜ੍ਹ ਦੇ ਕੈਬਨਿਟ ਮੰਤਰੀ ਟੀ ਐਸ ਸਿੰਘ ਦੇਵ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਇਹ ਵੀ ਕਿਹਾ ਕਿ ਕੋਰੋਨਾ ਸੰਕਟ ਕਾਰਨ ਰਾਜਾਂ ਦੀ ਆਰਥਕ ਹਾਲਤ ਬਹੁਤ ਖ਼ਰਾਬ ਹੋ ਚੁਕੀ ਹੈ ਅਤੇ ਅਜਿਹੇ ਵਿਚ ਸਰਕਾਰ ਨੂੰ ਜੀਐਸਟੀ ਦੇ ਮੁਆਵਜ਼ੇ ਦਾ ਭੁਗਤਾਨ ਯਕੀਨੀ ਕਰਨਾ ਚਾਹੀਦਾ ਸੀ। ਮਨਪ੍ਰੀਤ ਬਾਦਲ ਨੇ ਕਿਹਾ, 'ਹੱਲ ਸਾਡੇ ਉਤੇ ਲੱਦਿਆ ਗਿਆ। ਰਾਜ ਸਰਕਾਰਾਂ ਕਰਜ਼ਾ ਲੈ ਸਕਣਗੀਆਂ ਅਤੇ ਇਸ ਵਿਚ ਭਾਰ ਸਰਕਾਰ ਸਾਡੀ ਮਦਦ ਕਰੇਗੀ। ਇਹ ਫ਼ੈਸਲਾ ਠੀਕ ਨਹੀਂ ਸੀ ਪਰ ਸਾਡੇ ਸਾਹਮਣੇ ਕੋਈ ਬਦਲ ਨਹੀਂ ਬਚਿਆ ਸੀ। ਅਸੀਂ ਬੈਠਕ ਦੇ ਨਤੀਜੇ ਤੋਂ ਖ਼ੁਸ਼ ਨਹੀਂ।' ਉਨ੍ਹਾਂ ਕਿਹਾ ਕਿ ਕੇਂਦਰ ਨਾਲ ਕੋਈ ਰਾਜ ਸਹਿਮਤ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਜੋ ਚਾਹੁਣਗੇ, ਫ਼ੈਸਲਾ ਉਹੀ ਹੋਵੇਗਾ। ਉਨ੍ਹਾਂ ਕਿਹਾ ਕਿ ਵਿਵਾਦ ਸੁਲਝਾਉਣ ਲਈ ਪ੍ਰਬੰਧ ਬਣਾਇਆ ਜਾਣਾ ਚਾਹੀਦਾ ਹੈ।           (ਏਜੰਸੀ)