ਕਾਬੁਲ ਏਅਰਪੋਰਟ ’ਤੇ 3000 ਰੁਪਏ ਵਿਚ ਮਿਲ ਰਹੀ ਹੈ ਪਾਣੀ ਦੀ ਬੋਤਲ
ਕਾਬੁਲ ਏਅਰਪੋਰਟ ’ਤੇ 3000 ਰੁਪਏ ਵਿਚ ਮਿਲ ਰਹੀ ਹੈ ਪਾਣੀ ਦੀ ਬੋਤਲ
ਚੌਲਾਂ ਦੀ ਇਕ ਪਲੇਟ ਕਰੀਬ 7500 ਰੁਪਏ ’ਚ ਵਿਕ ਰਹੀ ਹੈ
ਕਾਬੁਲ, 26 ਅਗੱਸਤ : ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਲੋਕ ਕਿਸੇ ਵੀ ਤਰ੍ਹਾਂ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ’ਚ ਹਨ ਅਤੇ ਅਪਣੇ ਭਵਿੱਖ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਛੱਡਣ ਲਈ ਏਅਰਪੋਰਟ ’ਤੇ ਜੁਟੇ ਲੋਕਾਂ ’ਚ ਇਹ ਵੀ ਡਰ ਹੈ ਕਿ ਕੋਈ ਦੇਸ਼ ਉਨ੍ਹਾਂ ਨੂੰ ਸ਼ਰਨ ਦੇਵੇਗਾ ਵੀ ਜਾ ਨਹੀਂ। ਤਾਲਿਬਾਨ ਦੇ ਡਰ ਤੋਂ ਜਹਾਜ ’ਤੇ ਸਵਾਰ ਹੋਣ ਲਈ ਲੋਕ ਕਾਬੁਲ ਏਅਰਪੋਰਟ ਵਲ ਜਾ ਰਹੇ ਹਨ।
ਡਰ ਦੇ ਮਾਹੌਲ ਦਾ ਕਿਸ ਤਰ੍ਹਾਂ ਫ਼ਾਇਦਾ ਚੁੱਕਿਆ ਜਾ ਰਿਹਾ ਹੈ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਥੇ ਏਅਰਪੋਰਟ ਨੇੜੇ ਇਕ ਪਾਣੀ ਦੀ ਬੋਤਲ ਹਜ਼ਾਰਾਂ ਰੁਪਏ ’ਚ ਮਿਲ ਰਹੀ ਹੈ। ਅਫ਼ਗ਼ਾਨਿਸਤਾਨ ’ਚੋਂ ਨਿਕਲਣ ਲਈ ਕਾਹਲੇ ਲੋਕ ਕਾਬੁਲ ਏਅਰਪੋਰਟ ਦੇ ਬਾਹਰ ਵੱਡੀ ਗਿਣਤੀ ’ਚ ਮੌਜੂਦ ਹਨ। ਜਿਸ ਨੂੰ ਜਿਥੇ ਥਾਂ ਮਿਲ ਰਹੀ ਹੈ, ਉਥੇ ਹੀ ਬੈਠ ਕੇ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦਾ ਨਤੀਜਾ ਇਹ ਹੈ ਕਿ ਉਥੇ ਖਾਣ ਅਤੇ ਪੀਣ ਦਾ ਸਾਮਾਨ ਬੇਹੱਦ ਮਹਿੰਗੀ ਕੀਮਤ ’ਤੇ ਮਿਲ ਰਿਹਾ ਹੈ।
ਇਕ ਨਿਊਜ਼ ਏਜੰਸੀ ਮੁਤਾਬਕ, ਇਕ ਅਫ਼ਗ਼ਾਨੀ ਨਾਗਰਿਕ ਨੇ ਕਿਹਾ ਕਿ ਭੋਜਨ ਅਤੇ ਪਾਣੀ ਬੇਹੱਦ ਮਹਿੰਗੀ ਕੀਮਤ ’ਚ ਵਿਕ ਰਹੇ ਹਨ। ਅਫ਼ਗ਼ਾਨ ਨਾਗਰਿਕ ਫਜਲ-ਉਰ-ਰਹਿਮਾਨ ਨੇ ਦਸਿਆ ਕਿ ਕਾਬੁਲ ਏਅਰਪੋਰਟ ’ਤੇ ਪਾਣੀ ਦੀ ਇਕ ਬੋਤਲ 40 ਅਮਰੀਕੀ ਡਾਲਰ (ਕਰੀਬ 3 ਹਜ਼ਾਰ ਰੁਪਏ) ਅਤੇ ਇਕ ਚੋਲਾਂ ਦੀ ਪਲੇਟ 100 ਅਮਰੀਕੀ ਡਾਲਰ (ਕਰੀਬ 7500 ਰੁਪਏ) ’ਚ ਵਿਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਮਾਨ ਸਿਰਫ ਡਾਲਰ ’ਚ ਹੀ ਵੇਚੇ ਜਾ ਰਹੇ ਹਨ ਨਾ ਕਿ ਅਫ਼ਗਾਨੀ ਕਰੰਸੀ ’ਚ। ਫਜਲ ਨੇ ਦਸਿਆ ਕਿ ਇਥੇ ਚੀਜਾਂ ਇੰਨੀ ਮਹਿੰਗੀ ਕੀਮਤ ’ਚ ਮਿਲ ਰਹੀਆਂ ਹਨ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। (ਏਜੰਸੀ)