ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ
ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ
ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਵਲੋਂ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ’ਚ ਵੀ ਸਫ਼ਲ ਨਾ ਹੋਣ ਦੀ ਚਰਚਾ
ਚੰਡੀਗੜ੍ਹ, 26 ਅਗੱਸਤ (ਗੁਰਉਪਦੇਸ਼ ਭੁੱਲਰ): ਜਲਦਬਾਜ਼ੀ ਵਿਚ ਮੀਟਿੰਗ ਕਰ ਕੇ ਚੁੱਕੇ ਗਏ ਕਦਮ ਕਾਰਨ ਨਵਜੋਤ ਸਿੱਧੂ ਪੱਖੀ ਕੁੱਝ ਮੰਤਰੀਆਂ ਤੇ ਵਿਧਾਇਕਾਂ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰੀ ਪੈ ਗਏ ਹਨ। ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ ਚਾਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਤੇ ਚਰਨਜੀਤ ਸਿੰਘ ਚੰਨੀ ਅਤੇ ਤਿੰਨ ਵਿਧਾਇਕ ਕੁਲਬੀਰ ਜ਼ੀਰਾ, ਸੁਰਜੀਤ ਧੀਮਾਨ ਤੇ ਬਰਿੰਦਰਮੀਤ ਪਾਹੜਾ ਇਕ ਵਾਰ ਤਾਂ ਰਾਵਤ ਵਲੋਂ ਮਿਲੇ ਭਰੋਸਿਆਂ ਕਾਰਨ ਸ਼ਾਂਤ ਹੋ ਗਏ ਸਨ ਪਰ ਹਰੀਸ਼ ਰਾਵਤ ਵਲੋਂ ਖੁਲ੍ਹੇਆਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਚੋਣਾਂ ਲੜਨ ਨੂੰ ਲੈ ਕੇ ਦਿਤੇ ਬਿਆਨ ਨਾਲ ਪੈਦਾ ਹੋਈ ਪਾਰਟੀ ਅੰਦਰਲੀ ਸਥਿਤੀ ਕਾਰਨ ਮਾਮਲਾ ਮੁੜ ਉਲਝਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਪੱਖੀ ਮੰਤਰੀ ਤੇ ਵਿਧਾਇਕ ਦੇਹਰਾਦੂਨ ਤੋਂ ਚੰਡੀਗੜ੍ਹ ਵੱਲ ਵਾਪਸੀ ਦੀ ਥਾਂ ਦਿੱਲੀ ਵਲ ਚਲੇ ਗਏ ਸਨ। ਪਤਾ ਲੱਗਾ ਹੈ ਕਿ ਦਿੱਲੀ ਵਿਚ ਇਨ੍ਹਾਂ ਵਲੋਂ ਰਾਹੁਲ ਗਾਂਧੀ ਨੂੰ ਮਿਲਣ ਦਾ ਯਤਨ ਕੀਤਾ ਗਿਆ ਪਰ ਮਿਲਣ ਵਿਚ ਸਫ਼ਲ ਨਹੀਂ ਹੋ ਸਕੇ। ਜਾਣਕਾਰਾਂ ਅਨੁਸਾਰ ਚਰਨਜੀਤ ਚੰਨੀ ਤਾਂ ਦਿੱਲੀ ਤੋਂ ਵਾਪਸ ਮੁੜ ਕੇ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋ ਗਏ ਪਰ ਬਾਕੀ ਤਿੰਨ ਮੰਤਰੀ ਮੀਟਿੰਗ ਵਿਚ ਨਹੀਂ ਆਏ।
ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਸੁਣਨ ਵਿਚ ਆ ਰਹੇ ਹਨ ਪਰ ਅਸਲ ਸਥਿਤੀ ਆਉਂਦੇ ਇਕ ਦੋ ਦਿਨ ਵਿਚ ਸਪੱਸ਼ਟ ਹੋਵੇਗੀ। ਇਸੇ ਦੌਰਾਨ ਹਰੀਸ਼ ਰਾਵਤ ਵੀ ਅੱਜ ਨਵੀਂ ਦਿੱਲੀ ਪਹੁੰਚੇ ਅਤੇ ਉਨ੍ਹਾਂ ਵਲੋਂ ਪੰਜਾਬ ਦੇ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਬਾਅਦ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਹਾਈਕਮਾਨ ਨੂੰ ਸੂਬੇ ਦਾ ਇੰਚਾਰਜ ਹੋਣ ਨਾਤੇ ਅਪਣੀ ਰੀਪੋਰਟ ਸੌਂਪੀ ਹੈ। ਹੁਣ ਅਗਲਾ ਫ਼ੈਸਲਾ ਹਾਈਕਮਾਨ ਨੇ ਹੀ ਲੈਣਾ ਹੈ ਕਿ ਕਿਵੇਂ ਨਰਾਜ਼ਗੀਆਂ ਦੂਰ ਕੀਤੀਆਂ ਜਾਣ। ਹਰੀਸ਼ ਰਾਵਤ ਇਕ ਦੋ ਦਿਨ ਵਿਚ ਚੰਡੀਗੜ੍ਹ ਵੀ ਆ ਸਕਦੇ ਹਨ।