ਖ਼ਤਮ ਨਹੀਂ ਹੋਈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਉ ਤਿਉਹਾਰ

ਏਜੰਸੀ

ਖ਼ਬਰਾਂ, ਪੰਜਾਬ

ਖ਼ਤਮ ਨਹੀਂ ਹੋਈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਉ ਤਿਉਹਾਰ

image

ਸਤੰਬਰ ਅਤੇ ਅਕਤੂਬਰ ਦਾ ਮਹੀਨਾ ਹੋਵੇਗਾ ਮਹੱਤਵਪੂਰਨ
 

ਨਵੀਂ ਦਿੱਲੀ, 26 ਅਗੱਸਤ : ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਮਹਾਂਮਾਰੀ ਪ੍ਰਬੰਧਨ ਲਈ ਸਤੰਬਰ ਅਤੇ ਅਕਤੂਬਰ ਦਾ ਮਹੀਨਾ ਮਹੱਤਵਪੂਰਨ ਹੋਵੇਗਾ ਅਤੇ ਚਿਤਾਵਨੀ ਦਿਤੀ ਕਿ ਤਿਉਹਾਰ ਕੋਰੋਨਾ ਦੇ ਉਪਯੁਕਤ ਆਚਰਨ ਅਨੁਸਾਰ ਮਨਾਏ ਜਾਣੇ ਚਾਹੀਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ’ਚ ਹਾਲੇ ਦੂਜੀ ਲਹਿਰ ਜਾਰੀ ਹੈ। 
ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੇ ਜਨਰਲ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਟੀਕਾ ਬੀਮਾਰੀ ’ਚ ਸੁਧਾਰ ਲਿਆਉਣ ਲਈ ਹੈ ਨਾ ਕਿ ਇਸ ਨੂੰ ਰੋਕਣ ਲਈ, ਇਸ ਲਈ ਟੀਕਾਕਰਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਜਾਰੀ ਰਖਣਾ ਬਹੁਤ ਜ਼ਰੂਰੀ ਹੈ। ਭੂਸ਼ਣ ਨੇ ਕਿਹਾ,‘‘ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਹਾਲੇ ਵੀ ਜਾਰੀ ਹੈ। ਦੂਜੀ ਲਹਿਰ ਹਾਲੇ ਖਤਮ ਨਹੀਂ ਹੋਈ ਅਤੇ ਇਸ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਖਾਸ ਕਰ ਕੇ ਹਰ ਤਿਉਹਾਰ ਤੋਂ ਬਾਅਦ ਲਾਗ ਦੇ ਮਾਮਲਿਆਂ ’ਚ ਵਾਧਾ ਦੇਖਦੇ ਹੋਏ।’’ ਉਨ੍ਹਾਂ ਕਿਹਾ,‘‘ਸਤੰਬਰ ਅਤੇ ਅਕਤੂਬਰ ਦੇ ਮਹੀਨੇ ਸਾਡੇ ਲਈ ਮਹੱਤਵਪੂਰਨ ਹਨ, ਕਿਉਂਕਿ ਅਸੀਂ ਨਵੇਂ ਤਿਉਹਾਰ ਮਨਾਉਣ ਜਾ ਰਹੇ ਹਾਂ। ਇਸ ਲਈ ਕੋਰੋਨਾ ਉਪਯੁਕਤ ਰਵਈਆ ਅਪਣਾਉਂਦੇ ਹੋਏ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ।’’ (ਏਜੰਸੀ)