ਪੰਜਾਬ ਸਰਕਾਰ ਦੀ ਬੇਰੁਖ਼ੀ ਤੋਂ ਨਾਰਾਜ਼ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ
ਪੰਜਾਬ ਸਰਕਾਰ ਦੀ ਬੇਰੁਖ਼ੀ ਤੋਂ ਨਾਰਾਜ਼ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ
ਪਟਿਆਲਾ, 26 ਅਗੱਸਤ (ਅਵਤਾਰ ਸਿੰਘ ਗਿੱਲ) : ਅੱਜ ਪਟਿਆਲਾ ’ਚ ਸੰਘਰਸ਼ ਕਰ ਰਹੇ ਈ.ਟੀ.ਟੀ. 2364 ਸਲੈਕਟਿਡ ਅਧਿਆਪਕਾਂ ਵਲੋਂ ਅੱਜ ਮੋਤੀ ਮਹਿਲ ਘੇਰਨ ਦਾ ਐਲਾਨ ਕੀਤਾ, ਜਿਥੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿਤਾ ਗਿਆ। ਥਾਣੇ ਖਾਲੀ ਸੀ ਪਰ ਅਧਿਆਪਕਾਂ ਨੂੰ ਨਿੱਤ ਦੀ ਚਲਦੀ ਡਾਂਗ ਤੋਂ ਸਬਕ ਲੈਂਦਿਆਂ ਪੰਜਾਬ ਪੁਲਿਸ ਨੂੰ ਵੱਡਾ ਚਕਮਾ ਦੇ ਦਿਤਾ ਅਤੇ ਮੋਤੀ ਮਹਿਲ ਦੀ ਥਾਂ ਸਿੱਧਾ ਪਟਿਆਲਾ ਬਠਿੰਡਾ ਰੋਡ ’ਤੇ ਪੈਂਦੀ ਭਾਖੜਾ ਨਹਿਰ, ਜਿਸ ਦੇ ਉਤੇ ਬਣਿਆ ਥਾਣਾ ਪਸਿਆਣਾ ਧਰਨੇ ਦੇ ਚਲਦੇ ਖ਼ਾਲੀ ਸੀ ਦਾ ਪੁਲ ਜਾ ਮੱਲਿਆ ਅਤੇ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਰਕਾਰ ਦੇ ਲਾਅਰਿਆਂ ਤੋਂ ਅੱਕੇ 2 ਅਧਿਆਪਕਾਂ ਵਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਦਿਤੀ ਗਈ। ਇਨ੍ਹਾਂ ’ਚ ਸੰਦੀਪ ਸੰਗਰੂਰ ਅਤੇ ਅਨੂਪ ਸੰਗਰੂਰ ਸ਼ਾਮਲ ਸਨ। ਹਾਲਾਂਕਿ ਗੋਤਾਖ਼ੋਰਾਂ ਵਲੋਂ ਮੌਕੇ ’ਤੇ ਦੋਹਾਂ ਅਧਿਆਪਕਾਂ ਨੂੰ ਬਚਾਅ ਲਿਆ ਗਿਆ।
ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਕੰਮੀ ਸਰਕਾਰ ਤੋਂ ਕੋਈ ਉਮੀਦ ਨਹੀਂ ਪਰ ਸਰਕਾਰ ਹਮਦਰਦੀ ਦੀਆਂ ਵੋਟਾਂ ਦੀ ਆਦੀ ਹੋ ਚੁੱਕੀ ਹੈ। ਸਰਕਾਰ ਚਾਹੁੰਦੀ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਭਾਖੜਾ ਵਿਚ ਡੁੱਬ ਮਰਨ, ਫਿਰ ਸ਼ੁਰੂ ਹੋਵੇ ਹਮਦਰਦੀ ਦਾ ਨਾਟਕ ਅਤੇ ਪ੍ਰਵਾਰ ਨੂੰ ਨਿਗੁਣੀ ਪੈਨਸ਼ਨ ਲਗਾ ਕੇ ਹਮਦਰਦੀ ਦੀਆਂ ਵੋਟਾਂ ਬਟੋਰੀਆ ਜਾ ਸਕਣ ਪਰ ਹੁਣ ਉਹ ਅੱਕ ਚੁੱਕੇ ਹਨ, ਥੱਕ ਚੁੱਕੇ ਹਨ ਪਰ ਸੰਘਰਸ਼ ਜਾਰੀ ਰੱਖਣ ਲਈ ਉਹ ਅਪਣੀ ਜਾਨ ਵੀ ਦਾਅ ’ਤੇ ਲਗਾ ਦੇਣਗੇਂ। ਬੇਸ਼ੱਕ ਇਸ ਮੌਕੇ ਪੁਲਿਸ ਨੇ ਅਧਿਆਪਕਾਂ ਦੀ ਖਾਸੀ ਖਿੱਚਾ ਧੂਹੀ ਵੀ ਕੀਤੀ ਕਿ ਉਨ੍ਹਾਂ ਨੂੰ ਭਾਖੜਾ ਤੋਂ ਹਟਾਇਆ ਜਾ ਸਕੇ ਪਰ ਬੇਰੁਜ਼ਗਾਰ ਅਧਿਆਪਕ ਪਟਿਆਲਾ ਬਠਿੰਡਾ ਰੋਡ ਜਾਮ ਕਰ ਕੇ ਖ਼ਬਰ ਲਿਖੇ ਜਾਣ ਤਕ ਭਾਖੜਾ ਨਹਿਰ ਦੇ ਪੁਲ ’ਤੇ ਡਟੇ ਹੋਏ ਹਨ।
ਜ਼ਿਕਰਯੋਗ ਹੈ ਕਿ 06/03/2020 ਨੂੰ ਜਾਰੀ ਹੋਈਆਂ 2364 ਈ. ਟੀ. ਟੀ. ਪੋਸਟਾਂ ਲਈ ਦਸੰਬਰ, 2020 ਤਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਭਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।
ਫੋਟੋ ਨੰ: 26 ਪੀਏਟੀ 12
ਤਸਵੀਰਾਂ : ਪਟਿਆਲਾ ਟੀਚਰਜ਼, 1
ਭਾਖੜਾ ਨਹਿਰ ਦੇ ਪੁਲ ’ਤੇ ਸਰਕਾਰ ਦਾ ਵਿਰੋਧ ਕਰ ਰਹੇ ਬੇਰੁਜ਼ਗਾਰ ਅਧਿਆਪਕ ਅਤੇ ਨਾਲ ਭਾਖੜਾ ਨਹਿਰ ’ਚ ਅਧਿਆਪਕ ਵਲੋਂ ਮਾਰੀ ਛਾਲ ਦਾ ਦ੍ਰਿਸ਼। ਫ਼ੋਟੋ : ਅਜੇ