ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੋਇਆ ਧਮਾਕਾ, ਕਈ ਵਿਦਿਆਰਥੀ ਹੋਏ ਜ਼ਖਮੀ
ਲੈਬ ਵਿਚ ਘੱਟ ਵਿਦਿਆਰਥੀ ਹੋਣ ਕਾਰਨ ਰਿਹਾ ਬਚਾਅ
ਅੰਮ੍ਰਿਤਸਰ: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਥੇ ਕੈਮਿਸਟਰੀ ਵਿਭਾਗ ਦੀ ਲੈਬਾਰਟਰੀ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਐਮਐਸਸੀ ਫਾਈਨਲ ਦੀ ਵਿਦਿਆਰਥਣ ਮੁਸਕਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਸ ਦੇ ਚਿਹਰੇ ਤੇ ਅੱਖਾਂ ਵਿਚ ਕੈਮੀਕਲ ਮਿਸ਼ਰਣ ਪੈਣ ਤੇ ਸ਼ੀਸ਼ੇ ਦੀਆਂ ਕੰਕਰਾਂ ਲੱਗਣ ਨਾਲ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਪ੍ਰੈਕਟੀਕਲ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਵਿਦਿਆਰਥੀ ਦੁਪਹਿਰ ਵੇਲੇ ਲੈਬ ਵਿੱਚ ਕੈਮੀਕਲ ਨਾਲ ਪ੍ਰੈਕਟੀਕਲ ਕਰ ਰਹੇ ਸਨ। ਉਹ ਆਰਡੀਐਫ ਭਾਵ ਵੇਸਟ ਮਟੀਰੀਅਲ ਤੋਂ ਬਾਲਣ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸਨ। ਇਸ ਦੌਰਾਨ ਗਲਤ ਕੈਮੀਕਲ ਰਿਐਕਸ਼ਨ ਹੋਇਆ ਅਤੇ ਜ਼ੋਰਦਾਰ ਧਮਾਕਾ ਹੋਇਆ।
ਪ੍ਰੈਕਟੀਕਲ ਕਰ ਰਹੀ ਮੁਸਕਾਨ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈ, ਜਦਕਿ ਲੈਬ ‘ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਮੌਕੇ ਪ੍ਰਯੋਗਸ਼ਾਲਾ ਵਿਚ ਬਹੁਤ ਘੱਟ ਵਿਦਿਆਰਥੀ ਸਨ, ਜਿਸ ਕਾਰਨ ਬਚਾਅ ਹੋ ਗਿਆ।