ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ: 4 ਦਿਨਾਂ ’ਚ ਹੋਈਆਂ 4 ਮੌਤਾਂ, 55 ਨਵੇਂ ਸੰਕਰਮਿਤ ਕੇਸ ਮਿਲੇ
ਪੀਜੀਆਈ ਵਿਚ 4 ਕੋਰੋਨਾ ਮਰੀਜ਼ ਵੈਂਟੀਲੇਟਰ 'ਤੇ ਹਨ
ਚੰਡੀਗੜ੍ਹ - ਚੰਡੀਗੜ੍ਹ 'ਚ 26 ਜੁਲਾਈ ਤੋਂ ਹੁਣ ਤੱਕ 16 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਵਿਚ ਵੀ ਇੱਕ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਸੈਕਟਰ-30 ਦੀ ਰਹਿਣ ਵਾਲੀ 62 ਸਾਲਾ ਔਰਤ ਸੀ। ਉਸ ਦੇ ਕਈ ਅੰਗ ਫੇਲ ਹੋ ਚੁੱਕੇ ਸਨ। ਔਰਤ ਨੂੰ ਸੈਕਟਰ-34 ਦੇ ਮੁਕੁਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕੋਰੋਨਾ ਵੈਕਸੀਨ ਨਹੀਂ ਲਈ ਸੀ।
ਇਸ ਸਮੇਂ ਪੀਜੀਆਈ ਵਿਚ 4 ਕੋਰੋਨਾ ਮਰੀਜ਼ ਵੈਂਟੀਲੇਟਰ 'ਤੇ ਅਤੇ 13 ਮਰੀਜ਼ ਆਕਸੀਜਨ ਸਪੋਰਟ ਵਾਲੇ ਬੈੱਡਾਂ ’ਤੇ ਹਨ। ਜੀਐਮਸੀਐਚ-32 ਅਤੇ ਜੀਐਮਐਸਐਚ-16 ਵਿਚ 6-6 ਮਰੀਜ਼ ਦਾਖਲ ਹਨ। ਪਿਛਲੇ ਇੱਕ ਹਫ਼ਤੇ ਦੀ ਸਕਾਰਾਤਮਕਤਾ ਦਰ 3.75 ਪ੍ਰਤੀਸ਼ਤ ਹੈ ਅਤੇ ਇੱਕ ਹਫ਼ਤੇ ਵਿਚ ਰੋਜ਼ਾਨਾ ਕੇਸਾਂ ਦੀ ਔਸਤ 48 ਦੱਸੀ ਜਾ ਰਹੀ ਹੈ।
ਪਿਛਲੇ 24 ਘੰਟਿਆਂ ਵਿਚ ਸ਼ੁੱਕਰਵਾਰ ਨੂੰ 55 ਨਵੇਂ ਸੰਕਰਮਿਤ ਕੇਸ ਪਾਏ ਗਏ ਹਨ। ਇਨ੍ਹਾਂ ਕੇਸਾਂ ਵਿਚੋਂ ਸਭ ਤੋਂ ਵੱਧ 4 ਕੇਸ ਸੈਕਟਰ 26 ਵਿਚ ਪਾਏ ਗਏ ਹਨ। ਹੁਣ ਤੱਕ, ਪਿਛਲੇ ਦੋ ਸਾਲਾਂ ਵਿਚ ਸ਼ਹਿਰ ਵਿਚ 98,645 ਲੋਕ ਪਾਜ਼ੇਟਿਵ ਪਾਏ ਗਏ ਹਨ ਅਤੇ ਕੁੱਲ 97,126 ਮਰੀਜ਼ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ 83 ਹੋਰ ਨਵੇਂ ਕੋਰੋਨਾ ਮਰੀਜ਼ ਠੀਕ ਹੋ ਗਏ ਹਨ।
ਸ਼ਹਿਰ ਵਿਚ 12 ਤੋਂ 14 ਸਾਲ ਦੀ ਉਮਰ ਦੇ 36,221 ਬੱਚਿਆਂ ਨੂੰ ਕੋਰੋਨਾ ਦੀ ਪਹਿਲੀ ਅਤੇ 24,452 ਬੱਚਿਆਂ ਨੂੰ ਕੋਰਬੇਵੈਕਸ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ। ਪ੍ਰਸ਼ਾਸਨ ਨੇ ਇਸ ਉਮਰ ਦੇ 45 ਹਜ਼ਾਰ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ। 15 ਤੋਂ 18 ਸਾਲ ਦੀ ਉਮਰ ਦੇ 74,679 ਬੱਚਿਆਂ ਨੂੰ ਕੋ-ਵੈਕਸੀਨ ਦੀ ਪਹਿਲੀ ਅਤੇ 53,380 ਬੱਚਿਆਂ ਨੇ ਦੋਵੇਂ ਖੁਰਾਕਾ ਦਿੱਤੀਆਂ ਜਾ ਚੁੱਕੀਆਂ ਹਨ।
ਇਸ ਉਮਰ ਦੇ 72 ਹਜ਼ਾਰ ਬੱਚਿਆਂ ਨੂੰ ਪ੍ਰਸ਼ਾਸਨ ਵੱਲੋਂ ਕਵਰ ਕਰਨ ਦਾ ਟੀਚਾ ਸੀ। ਸ਼ਹਿਰ ਦੇ ਬਾਲਗ ਪਹਿਲਾਂ ਹੀ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਨਾਲ ਕਵਰ ਕੀਤੇ ਜਾ ਚੁੱਕੇ ਹਨ। ਕੁੱਲ 9,14,304 ਬਾਲਗਾਂ ਨੇ ਕੋਰੋਨਾ ਦੇ ਦੋਵੇਂ ਟੀਕੇ ਲਗਵਾ ਲਏ ਹਨ। ਸ਼ਹਿਰ ਵਿਚ 30 ਸਤੰਬਰ ਤੱਕ ਕੋਰੋਨਾ ਦੀ ਬੂਸਟਰ ਡੋਜ਼ ਮੁਫ਼ਤ ਹੈ। ਹੁਣ ਤੱਕ 95,521 ਬਾਲਗਾਂ ਨੇ ਬੂਸਟਰ ਡੋਜ਼ ਲਗਵਾ ਲਈ ਹੈ। ਬੀਤੇ ਸ਼ੁੱਕਰਵਾਰ ਨੂੰ 849 ਲੋਕਾਂ ਨੂੰ ਬੂਸਟਰ ਡੋਜ਼ ਲਗਵਾਈ।