ਰਾਜਾ ਵੜਿੰਗ ਦੀ ਰਾਜਪਾਲ ਨੂੰ ਸਲਾਹ, ''ਆਪਸ 'ਚ ਗੱਲ ਕਰ ਕੇ ਹੱਲ ਕੱਢੋ, ਪੰਜਾਬੀਆਂ ਦਾ ਨੁਕਸਾਨ ਹੋ ਰਿਹੈ'' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਤਲਖੀ ਹੈ ਤਾਂ ਤੁਸੀਂ ਹੋਰ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰੋ। ਚੀਫ਼ ਸੈਕਟਰੀ ਤੋਂ ਜਵਾਬ ਮੰਗ ਲਵੋ

Raja Warring, Banwarilal Purohit

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਲਖੀ ਲਗਾਤਾਰ ਜਾਰੀ ਹੈ। 
ਇਸੇ ਬਹਿਸ ਦੇ ਵਿਚਕਾਰ ਹੁਣ ਦੂਜੀਆਂ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋ ਗਏ ਹਨ, ਕੋਈ ਦੋਹਾਂ ਨੂੰ ਆਪਸ ਵਿਚ ਬੈਠ ਕੇ ਗੱਲਬਾਤ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਰਾਸ਼ਟਰਪਤੀ ਸਾਸ਼ਨ ਲਗਾਉਣ ਦੇ ਰਾਜਪਾਲ ਦੇ ਬਿਆਨ 'ਤੇ ਗੁੱਸਾ ਜਾਹਿਰ ਕਰ ਰਿਹਾ ਹੈ। 

ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ''ਮਾਣਯੋਗ ਗਵਰਨਰ ਸਾਬ੍ਹ ਜੀ, ਅਸੀਂ ਵੀ ਜਿੱਤ ਕੇ ਆਏ ਹਾਂ ਸਾਨੂੰ ਵੀ ਜਨਤਾ ਨੇ ਹੀ ਚੁਣਿਆ ਹੈ। ਜੇਕਰ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਤਲਖੀ ਹੈ ਤਾਂ ਤੁਸੀਂ ਹੋਰ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰੋ। ਚੀਫ਼ ਸੈਕਟਰੀ ਤੋਂ ਜਵਾਬ ਮੰਗ ਲਵੋ। ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ ਬਿਲਕੁਲ ਅਸਵਿਕਾਰਯੋਗ ਹੈ। ਇਸ ਲੜਾਈ ਵਿੱਚੋਂ ਕੁੱਝ ਨਹੀਂ ਨਿਕਲਣ ਵਾਲਾ ਬੈਠ ਕੇ ਆਪਸ ਵਿੱਚ ਗੱਲ ਕਰੋ ਤੇ ਸਮਸਿਆ ਦਾ ਹੱਲ ਕੱਢੋ ਕਿਉਂਕਿ ਇਸ ਨਾਲ ਸਿਰਫ਼ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਤੁਸੀਂ ਦੋਨੋਂ ਹੀ ਸੰਵਿਧਾਨਿਕ ਉੱਚ ਪਦਵੀਆਂ ਉਪਰ ਬੈਠੇ ਹੋ ਇਸ ਲਈ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦਾ ਖਿਆਲ ਰੱਖੋ।''

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦੇ ਬਿਆਨ ਉੱਤੇ ਤਿੱਖਾ ਹਮਲਾ ਕਰਦਿਆਂ ਕੀਤਾ ਸੀ ਤੇ ਕਿਹਾ ਸੀ ਕਿ ਰਾਜਪਾਲ ਨੇ ਰਾਸ਼ਟਰਪਤੀ ਸਾਸ਼ਨ ਵਾਲਾ ਬਿਆਨ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲਾਮਿਸਾਲ ਕੁਰਬਾਨੀਆਂ ਦੇਣ ਤੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਾਲੇ ਅਮਨਪਸੰਦ ਤੇ ਮਿਹਨਤਕਸ਼ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ।