ਨਸ਼ਾ ਤਸਕਰੀ ਦੇ ਮਾਮਲੇ 'ਚ ਪੂਰਾ ਪਰਿਵਾਰ ਗ੍ਰਿਫਤਾਰ, 105 ਗ੍ਰਾਮ ਹੈਰੋਇਨ, 7.40 ਲੱਖ ਦੀ ਨਕਦੀ ਬਰਾਮਦ
ਇਨੋਵਾ ਗੱਡੀ ਵੀ ਫੜੀ, ਰਿਮਾਂਡ 'ਤੇ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
ਬਠਿੰਡਾ - ਬਠਿੰਡਾ ਦੇ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਧੋਬੀਆਣਾ ਬਸਤੀ ਵਿਚ ਇੱਕ ਘਰ ਵਿਚ ਛਾਪਾ ਮਾਰ ਕੇ 105 ਗ੍ਰਾਮ ਹੈਰੋਇਨ ਅਤੇ 7.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਇਨੋਵਾ ਗੱਡੀ ਵੀ ਬਰਾਮਦ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਕਤ ਮੁਲਜ਼ਮ ਨਸ਼ੇ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿਸ ਨੂੰ ਵੇਚਦੇ ਸਨ।
ਇਸ ਸਬੰਧੀ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਘਰ ਵਿਚ ਹੀ ਨਸ਼ਾ ਵੇਚ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ। ਮੁਲਜ਼ਮਾਂ ਦੀ ਪਛਾਣ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਰਮਨਦੀਪ ਸਿੰਘ, ਨੂੰਹ ਮਾਨਸੀ ਅਤੇ ਪਤਨੀ ਅਮਰਜੀਤ ਕੌਰ ਵਜੋਂ ਹੋਈ ਹੈ। ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਫਿਰੋਜ਼ਪੁਰ ਨੇੜੇ ਤੋਂ ਨਸ਼ਾ ਲਿਆ ਕੇ ਬਠਿੰਡਾ ਵਿਖੇ ਵੇਚਦੇ ਸਨ। ਜੇਕਰ ਕਿਸੇ ਹੋਰ ਦਾ ਨਾਂ ਪੁੱਛਗਿੱਛ 'ਚ ਆਉਂਦਾ ਹੈ ਤਾਂ ਉਸ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ।