Nabha ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ਼ 17 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਇਆ
ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਹੋਣ ਦੇ ਮਾਮਲੇ ’ਚ ਮਹਿਲਾ ਪ੍ਰਧਾਨ ਦੇ ਪਤੀ ਖਿਲਾਫ਼ ਦਰਜ ਹੋਈ ਹੈ ਐਫ.ਆਈ.ਆਰ.
Nabha Municipal Council news : ਪਟਿਆਲਾ ਜ਼ਿਲ੍ਹੇ ਦੀ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ਼ 17 ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਇਆ ਗਿਆ ਹੈ। ਇਸ ਮੌਕੇ ਕੌਂਸਲਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਪਿਛਲੇ ਸਾਢੇ ਤਿੰਨ ਸਾਲ ਤੋਂ ਪ੍ਰਧਾਨਗੀ ਕਰ ਰਹੇ ਹਨ। ਜਦਕਿ ਸ਼ਹਿਰਵਾਸੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਵੀ ਖੁਸ਼ ਨਹੀਂ। ਕਿਉਂਕਿ ਇਨ੍ਹਾਂ ਦੀ ਪਾਵਰ ਦੀ ਉਨ੍ਹਾਂ ਦੇ ਪਤੀ ਵੱਲੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ।
ਕੌਂਸਲਰਾਂ ਨੇ ਕਿਹਾ ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ। ਪਰ ਫਿਰ ਵੀ ਉਹ ਪੂਰੇ ਸ਼ਹਿਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੈ। ਜ਼ਿਆਦਾਤਰ ਵਾਰਡਾਂ ’ਚ ਸਟਰੀਟ ਲਾਈਟਾਂ ਵੀ ਬੰਦ ਪਈਆਂ ਅਤੇ ਸ਼ਹਿਰ ’ਚੋਂ ਮਲਬਾ ਚੁੱਕਣਾ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ।
ਇਸ ਮੌਕੇ ਮੌਜੂਦ ਕੌਂਸਲਰਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਦੇ ਮਾਮਲੇ ’ਚ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖਿਲਾਫ ਐਫ.ਆਈ. ਆਰ. ਦਰਜ ਹੋਈ ਹੈ, ਉਸ ਨਾਲ ਪੂਰੀ ਨਾਭਾ ਨਗਰ ਕੌਂਸਲ ਦੀ ਬਦਨਾਮੀ ਹੋਈ ਹੈ। ਜਿਸ ਕਾਰਨ ਸ਼ਹਿਰ ਦੇ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਖਿਲਾਫ਼ ਬੇਭਰੋਸਗੀ ਦਾ ਮਤਾ ਪਾਇਆ ਗਿਆ ਹੈ।