Fazilka News: NDRF ਨੇ ਸੰਭਾਲਿਆ ਮੋਰਚਾ, ਬਣੇ ਸੰਕਟ ਮੋਚਕ , ਇਕ ਜਾਨ ਬਚਾਈ
ਪੇਪਰ ਦੇਣ ਜਾਣ ਵਾਲੇ ਬੱਚਿਆਂ ਨੂੰ ਪਾਣੀ 'ਚੋਂ ਕੱਢੇ
ਫਾਜ਼ਿਲਕਾ: ਫਾਜ਼ਿਲਕਾ ਜਿਲੇ ਵਿੱਚ ਆਏ ਹੜਾ ਦੇ ਮੱਦੇ ਨਜ਼ਰ ਸਰਹੱਦੀ ਪਿੰਡਾਂ ਵਿੱਚ ਤਾਇਨਾਤ ਐਨਡੀਆਰਐਫ ਦੀ ਟੀਮ ਨੇ ਅੱਜ ਇੱਕ ਬੱਚੇ ਨੂੰ ਪਾਣੀ ਵਿੱਚ ਰੁੜਨ ਤੋਂ ਬਚਾਇਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤੇਜਾ ਰੂਹੇਲਾ ਦਾ 16 ਸਾਲਾਂ ਦਾ ਸਾਜਨ ਮੌਜਮ ਪਿੰਡ ਤੋਂ ਆਪਣੇ ਪਿੰਡ ਵੱਲ ਆ ਰਿਹਾ ਸੀ ਪਰ ਉਹ ਰਾਹ ਤੇ ਡੂੰਘੇ ਪਾਣੀ ਵਿੱਚ ਫਸ ਗਿਆ।
ਉਸਨੇ ਸ਼ੋਰ ਮਚਾਇਆ ਤੇ ਨੇੜੇ ਬੰਨ ਤੇ ਕੰਮ ਕਰ ਰਹੇ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ । ਪਰ ਉਸਨੂੰ ਬਚਾਉਣ ਗਏ ਦੋ ਲੋਕ ਹੋਰ ਫਸ ਗਏ । ਜਿਸ ਤੋਂ ਤੁਰੰਤ ਬਾਅਦ ਪਿੰਡ ਦੇ ਲੋਕਾਂ ਤੋਂ ਮਾਰਫਤ ਪਟਵਾਰੀ ਦੇ ਰਾਹੀਂ ਐਨਡੀਆਰਐਫ ਟੀਮ ਨੂੰ ਬੁਲਾਇਆ ਗਿਆ । ਇਸ ਦੌਰਾਨ ਉਕਤ ਬੱਚਾ ਅਤੇ ਉਸਦੇ ਨਾਲ ਦੇ ਸਾਥੀ ਇੱਕ ਰੁੱਖ ਨੂੰ ਫੜ ਕੇ ਬਚੇ ਰਹੇ।
ਐਨਡੀਆਰਐਫਡੀ ਟੀਮ ਮੌਕੇ ਤੇ ਤੇਜ਼ੀ ਨਾਲ ਕਿਸ਼ਤੀ ਲੈ ਕੇ ਪਹੁੰਚੀ ਅਤੇ ਸਾਜਨ ਨਾਂ ਦੇ ਇਸ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆਂਦਾ। ਜਿਸ ਤੋਂ ਬਾਅਦ ਕਾਵਾਂ ਵਾਲੀ ਪੱਤਣ ਤੇ ਸਿਹਤ ਵਿਭਾਗ ਦੀ ਤਾਇਨਾਤ ਟੀਮ ਨੇ ਉਸ ਦਾ ਚੈੱਕ ਅਪ ਕੀਤਾ। ਹੁਣ ਬੱਚਾ ਸੁਰੱਖਿਤ ਤੇ ਠੀਕ ਹੈ।
ਰੇਖ ਸਿੰਘ ਮੀਨਾ ਟੀਮ ਕਮਾਂਡਰ ਐਨਡੀਆਰਐਫ ਨੇ ਦੱਸਿਆ ਕਿ ਇਸ ਤੋਂ ਬਿਨਾਂ ਗੁਲਾਬਾ ਵਾਲੀ ਭੈਣੀ ਅਤੇ ਇਸ ਦੇ ਨਾਲ ਦੀਆਂ ਢਾਣੀਆਂ ਤੋਂ ਸੱਤ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ । ਇਹ ਨੌਜਵਾਨ ਨੇਵੀ ਦੇ ਇੱਕ ਟਰਾਇਲ ਲਈ ਜਲੰਧਰ ਜਾਣਾ ਚਾਹੁੰਦੇ ਸਨ ।ਪਰ ਪਾਣੀ ਜਿਆਦਾ ਆਉਣ ਕਾਰਨ ਇਹਨਾਂ ਲਈ ਬਿਨਾਂ ਸਹਾਇਤਾ ਤੋਂ ਬਾਹਰ ਆਉਣਾ ਮੁਸ਼ਕਿਲ ਸੀ। ਇਹਨਾਂ ਪਿੰਡਾਂ ਵਿੱਚ ਡਿਊਟੀ ਤੇ ਤਾਇਨਾਤ ਕਾਨੂੰਗੋ ਰਾਜਿੰਦਰ ਕੁਮਾਰ ਨੇ ਇਹਨਾਂ ਬੱਚਿਆਂ ਨੂੰ ਬਾਹਰ ਕੱਢਣ ਲਈ ਤਾਲਮੇਲ ਕੀਤਾ। ਇਸ ਤੋਂ ਬਿਨਾਂ ਐਨ ਡੀ ਆਰ ਐੱਫ ਦੀ ਟੀਮ ਵੱਲੋਂ ਇਕ ਬਿਮਾਰ ਵਿਅਕਤੀ ਨੂੰ ਵੀ ਸੁਰੱਖਿਅਤ ਬਾਹਰ ਕਢਿਆ ਗਿਆ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਵਿੱਚ ਜਾਣ ਤੋਂ ਸਖਤੀ ਨਾਲ ਗੁਰੇਜ਼ ਕੀਤਾ ਜਾਵੇ ਅਤੇ ਜੋ ਲੋਕ ਪਿੰਡਾਂ ਵਿੱਚ ਹਨ ਉਹ ਆਪਣੇ ਪਿੰਡਾਂ ਵਿੱਚ ਹੀ ਉੱਚੇ ਸਥਾਨ ਤੇ ਰਹਿਣ। ਉਹਨਾਂ ਅਪੀਲ ਕੀਤੀ ਕਿ ਖਾਸ ਤੌਰ ਤੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਅਤੇ ਉਹਨਾਂ ਨੂੰ ਪਾਣੀ ਦੇ ਨੇੜੇ ਨਾ ਜਾਣ ਦਿੱਤਾ ਜਾਵੇ।