Amritsar News : ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਵਾਣਾ ਗਹਿਰੀ ਚਿੰਤਾ ਦਾ ਵਿਸ਼ਾ- ਜਥੇਦਾਰ ਗੜਗੱਜ
Amritsar News : ਪੰਜਾਬ ਅੰਦਰ ਮੌਜੂਦਾ ਆਫ਼ਤ ਦੇ ਸਮੇਂ ਸਮੂਹ ਲੋਕ ਇੱਕ ਦੂਜੇ ਦਾ ਸਹਾਰਾ ਬਣਨ- ਜਥੇਦਾਰ ਗੜਗੱਜ
Amritsar News in Punjabi : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅੰਦਰ ਰਾਵੀ ਦਰਿਆ ਵਿੱਚ ਆਏ ਹੜ੍ਹ ਦਾ ਪਾਣੀ ਵੜਣ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦਰਬਾਰ ਸਮੇਤ ਸਮੁੱਚੇ ਸਮੂਹ ਅੰਦਰ ਕਈ-ਕਈ ਫੁੱਟ ਪਾਣੀ ਨੇ ਮਾਰ ਕੀਤੀ ਹੈ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ ਦੇ ਮਨਾਂ ਅੰਦਰ ਗਹਿਰੀ ਚਿੰਤਾ ਵਾਲਾ ਮਾਹੌਲ ਬਣਿਆ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਦੇ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਾਲੇ ਪਾਸੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਪਾਣੀ ਦਾ ਵਹਿਣ ਹੋਇਆ ਹੈ, ਜਿਸ ਨਾਲ ਦੋਵੇਂ ਪਾਸੇ ਫਸਲਾਂ, ਪਿੰਡਾਂ ਵਿੱਚ ਲੋਕਾਂ ਦੇ ਘਰਾਂ ਅਤੇ ਮਾਲ ਡੰਗਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਆਫ਼ਤ ਦੇ ਅਜਿਹੇ ਸਮੇਂ ਵਿੱਚ ਸਾਨੂੰ ਇਕ ਦੂਜੇ ਦਾ ਸਹਾਰਾ ਬਣਦਿਆਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇ ਕੁਦਰਤ ਦੇ ਅੱਗੇ ਕਿਸੇ ਦਾ ਵੱਸ ਨਹੀਂ ਲੇਕਿਨ ਸਰਕਾਰਾਂ ਨੂੰ ਆਪਣੀ ਬਣਦੀ ਭੂਮਿਕਾ ਠੀਕ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਅਜਿਹੀ ਆਫ਼ਤ ਤੋਂ ਬਚਾਇਆ ਜਾ ਸਕੇ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਿੱਖ ਜਥੇਬੰਦੀਆਂ, ਕਾਰ ਸੇਵਾ ਵਾਲੀਆਂ ਸੰਸਥਾਵਾਂ ਅਤੇ ਹੋਰ ਪੰਜਾਬੀ ਸੰਸਥਾਵਾਂ ਵੱਲੋਂ ਇਸ ਮੁਸੀਬਤ ਦੇ ਸਮੇਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤੀ ਗਈ ਅਪੀਲ ਅਨੁਸਾਰ ਹੜ੍ਹ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਪਿੰਡ ਵਾਸੀ ਗੁਰੂ ਘਰਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣਾ ਯਕੀਨੀ ਬਣਾਉਣ।
ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਲਈ ਧਾਰਮਿਕ ਆਸਥਾ ਦਾ ਅਤਿ ਅਹਿਮ ਕੇਂਦਰ ਅਤੇ ਸਿੱਖ ਵਿਰਾਸਤ ਹੈ, ਇੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਬਹੁਤ ਅਹਿਮ ਅਤੇ ਅੰਤਿਮ ਸਮਾਂ ਬਿਤਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਾਲ ਗੁਰੂ ਘਰ ਦੀ ਹਦੂਦ ਅੰਦਰ ਹੜ੍ਹ ਦਾ ਪਾਣੀ ਵੜ ਗਿਆ ਹੈ ਲੇਕਿਨ ਭਵਿੱਖ ਵਾਸਤੇ ਪਾਕਿਸਤਾਨ ਅਤੇ ਲਹਿੰਦੇ ਪੰਜਾਬ ਦੀਆਂ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਨਾ ਹੋਵੇ, ਇਸ ਲਈ ਲੋੜ ਅਨੁਸਾਰ ਰਾਵੀ ਦਰਿਆ ਦੇ ਵਹਿਣ ਨੂੰ ਗੁਰੂ ਘਰ ਦੀ ਹਦੂਦ ਅਤੇ ਸਮੂਹ ਅੰਦਰ ਆਉਣ ਤੋਂ ਰੋਕਣ ਲਈ ਢੁਕਵੀਂ ਥਾਵਾਂ ਉੱਤੇ ਧੁੱਸੀ ਬੰਨ੍ਹ ਜਾਂ ਹੋਰ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਕਿ ਉਹ ਪਾਕਿਸਤਾਨ ਓਕਾਫ਼ ਬੋਰਡ ਦਾ ਸਹਿਯੋਗ ਲੈ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਪੁੱਜੇ ਨੁਕਸਾਨ ਦਾ ਵੇਰਵਾ ਇਕੱਤਰ ਕਰੇ ਅਤੇ ਇਸ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣਾ ਯਕੀਨੀ ਬਣਾਏ। ਜਥੇਦਾਰ ਗੜਗੱਜ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ਼ ਬੋਰਡ ਨਾਲ ਰਾਬਤਾ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਸਮੁੱਚੀ ਰਿਪੋਰਟ ਪ੍ਰਾਪਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਆਖਿਆ।
ਜਥੇਦਾਰ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਕਿਹਾ ਕਿ ਦੋਵੇਂ ਦੇਸ਼ ਸਾਂਝੇ ਯਤਨਾਂ ਅਤੇ ਆਪਸੀ ਤਾਲਮੇਲ ਨਾਲ ਇਹ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇਸ ਤਰ੍ਹਾਂ ਹੜ੍ਹ ਦਾ ਪਾਣੀ ਨਾ ਆਵੇ, ਇਸ ਲਈ ਦੋਵੇਂ ਪਾਸੇ ਜੋ ਪ੍ਰਬੰਧ ਕਰਨੇ ਲੋੜੀਂਦੇ ਹਨ ਉਹ ਕੀਤੇ ਜਾਣ ਤਾਂ ਜੋ ਸਿੱਖ ਸੰਗਤਾਂ ਨੂੰ ਕਿਸੇ ਕਿਸਮ ਦੀ ਚਿੰਤਾ ਨਾ ਹੋਵੇ। ਉਨ੍ਹਾਂ ਭਾਰਤ ਸਰਕਾਰ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਕਿ ਹੜ੍ਹ ਦਾ ਪਾਣੀ ਉਤਰ ਜਾਣ ਦੇ ਤੁਰੰਤ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜੋ ਬੀਤੇ ਦਿਨੀਂ ਦੋਵੇਂ ਦੇਸ਼ਾਂ ਵਿਚਕਾਰ ਕੁੜੱਤਣ ਵਾਲੇ ਮਾਹੌਲ ਕਰਕੇ ਬੰਦ ਕੀਤਾ ਗਿਆ ਸੀ ਉਸ ਨੂੰ ਜਲਦ ਹੀ ਖੋਲ੍ਹਿਆ ਜਾਵੇ ਤਾਂ ਜੋ ਆਪਸੀ ਸਾਂਝ ਤੇ ਪਿਆਰ ਵਧੇ ਤੇ ਭਾਰਤ ਵਾਲੇ ਪਾਸਿਓਂ ਸਿੱਖ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਘਰ ਦੀ ਮੌਜੂਦਾ ਸਥਿਤੀ ਵਾਚ ਸਕੇ ਅਤੇ ਲੋੜੀਂਦੀ ਕਾਰ ਸੇਵਾ ਅਰੰਭੀ ਜਾਵੇ।
(For more news apart from In current time of disaster in Punjab, all people should support each other - Jathedar Gargajj News in Punjabi, stay tuned to Rozana Spokesman)