ਕਰਤਾਰਪੁਰ ਲਾਂਘਾ ਹੜ੍ਹ ਦੇ ਪਾਣੀ ’ਚ ਡੁੱਬਿਆ, 100 ਤੋਂ ਵੱਧ ਲੋਕ ਫਸੇ
ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵੀ ਕਈ ਫ਼ੁੱਟ ਪਾਣੀ ਹੇਠ
ਲਾਹੌਰ : ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਗੁਰਦੁਆਰਾ ਦਰਬਾਰ ਸਾਹਿਬ ਸਮੇਤ ਕਰਤਾਰਪੁਰ ਲਾਂਘੇ ’ਚ ਰਾਵੀ ਨਦੀ ਦੇ ਹੜ੍ਹ ਦਾ ਪਾਣੀ ਭਰ ਗਿਆ ਹੈ। ਹੜ੍ਹ ਕਾਰਨ 100 ਤੋਂ ਵੱਧ ਲੋਕ ਫਸੇ ਹੋਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸਟਾਫ ਮੈਂਬਰ ਹਨ।
ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਮੁਖੀ ਸੈਫੁੱਲਾ ਖੋਖਰ ਨੇ ਦਸਿਆ ਕਿ ਗੁਰਦੁਆਰਾ ਦਰਬਾਰ ਸਾਹਿਬ ਸਮੇਤ ਪੂਰਾ ਕਰਤਾਰਪੁਰ ਲਾਂਘਾ ਕੰਪਲੈਕਸ ਹੜ੍ਹ ਦੇ ਪਾਣੀ ਨਾਲ ਡੁੱਬ ਗਿਆ ਹੈ। ਉਨ੍ਹਾਂ ਦਸਿਆ ਕਿ ਫਸੇ ਲੋਕਾਂ, ਜਿਨ੍ਹਾਂ ’ਚ ਜ਼ਿਆਦਾਤਰ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਸਟਾਫ ਮੈਂਬਰ ਹਨ, ਨੂੰ ਕਿਸ਼ਤੀਆਂ ਅਤੇ ਹੈਲੀਕਾਪਟਰ ਰਾਹੀਂ ਬਚਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਉ ਜ਼ਰੀਏ ਗੁਰਦੁਆਰੇ ਨੂੰ ਹੜ੍ਹ ਦੇ ਪਾਣੀ ਨਾਲ ਘਿਰਿਆ ਹੋਇਆ ਵਿਖਾਇਆ ਗਿਆ ਹੈ।
ਪਾਕਿਸਤਾਨ ਸਰਕਾਰ ਨੇ ਨਵੰਬਰ 2019 ਵਿਚ ਕਰਤਾਰਪੁਰ ਲਾਂਘਾ ਖੋਲ੍ਹਿਆ ਸੀ, ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਲਗਭਗ 4.1 ਕਿਲੋਮੀਟਰ ਦੂਰ ਹੈ। ਇਹ ਲਾਂਘਾ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ, ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੀ ਸ਼ੁਰੂਆਤ ਵਿਚ ਰਹਿੰਦੇ ਸਨ ਅਤੇ ਜੋਤੀ ਜੋਤ ਸਮਾਏ ਸਨ, ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। 4 ਕਿਲੋਮੀਟਰ ਲੰਬਾ ਇਹ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।
ਨਾਰੋਵਾਲ ਦੇ ਡਿਪਟੀ ਕਮਿਸ਼ਨਰ ਹਸਨ ਰਜ਼ਾ ਨੇ ਦਸਿਆ ਕਿ ਭਾਰਤ ਵਲੋਂ ਰਾਵੀ ਦਰਿਆ ’ਚ ਪਾਣੀ ਛੱਡੇ ਜਾਣ ਤੋਂ ਬਾਅਦ ਹੜ੍ਹ ਪ੍ਰਭਾਵਤ ਇਲਾਕਿਆਂ ਵਿਚੋਂ ਸੈਂਕੜੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਵੀ ਨਦੀ, ਜੋ ਕਿ 150,000 ਕਿਊਸਿਕ ਪਾਣੀ ਰੱਖ ਸਕਦੀ ਹੈ, ਸ਼ਕਰਗੜ੍ਹ ਤਹਿਸੀਲ ਦੇ ਕੋਟ ਨੈਨ ਵਿਖੇ 155,000 ਕਿਊਸਿਕ ਉਤੇ ਵਹਿ ਰਹੀ ਹੈ। ਐਤਵਾਰ ਨੂੰ ਭਾਰਤ ਨੇ ਮਨੁੱਖੀ ਆਧਾਰ ਉਤੇ ਕੂਟਨੀਤਕ ਚੈਨਲਾਂ ਰਾਹੀਂ ਪਾਕਿਸਤਾਨ ਨੂੰ ਹੜ੍ਹ ਦੀ ਚਿਤਾਵਨੀ ਦਿਤੀ ਸੀ।