ਪੰਜਾਬ ਨੇ ਲੇਬਰ ਸੈੱਸ ਇਕੱਠਾ ਕਰਨ ਦਾ ਬਣਾਇਆ ਰਿਕਾਰਡ, 310 ਕਰੋੜ ਰੁਪਏ ਕੀਤੇ ਇਕੱਠੇ: ਸੌਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸਾਰੀ ਕਾਮਿਆਂ ਦੀ ਭਲਾਈ ਲਈ ਵਰਤੇ ਜਾਣਗੇ ਫੰਡ: ਕਿਰਤ ਮੰਤਰੀ

Punjab sets record in collection of labour cess, collects Rs 310 crore: Saund

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿੱਤੀ ਸਾਲ 2024-25 ਵਿੱਚ ਰਿਕਾਰਡ 310 ਕਰੋੜ ਰੁਪਏ ਦਾ ਲੇਬਰ ਸੈੱਸ ਇਕੱਠਾ ਕੀਤਾ ਹੈ, ਜੋ ਕਿ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਹੈ। ਲੇਬਰ ਸੈੱਸ 2021-22 ਵਿੱਚ 203.94 ਕਰੋੜ ਰੁਪਏ, 2022-23 ਵਿੱਚ 208.92 ਕਰੋੜ ਰੁਪਏ ਅਤੇ 2023-24 ਵਿੱਚ 180 ਕਰੋੜ ਰੁਪਏ ਸੀ।  

ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੇ ਸੁਹਿਰਦ ਯਤਨਾਂ, ਪਾਰਦਰਸ਼ਤਾ ਅਤੇ ਕਿਰਤ ਭਲਾਈ ਨਾਲ ਸਬੰਧਤ ਠੋਸ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਰਤ ਵਿਭਾਗ ਨੇ ਸੈੱਸ ਇਕੱਠਾ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਹੈ, ਅਤੇ ਜਵਾਬਦੇਹੀ ਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦਾ ਲਾਭ ਉਠਾਇਆ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਉਸਾਰੀ ਕਾਮਿਆਂ ਦੀ ਭਲਾਈ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਸਿਹਤ ਸੰਭਾਲ, ਸਿੱਖਿਆ, ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸ਼ਾਮਲ ਹਨ। ਸੌਂਦ ਨੇ ਅੱਗੇ ਕਿਹਾ ਕਿ ਇਹ ਜ਼ਬਰਦਸਤ ਵਾਧਾ ਨਾ ਸਿਰਫ਼ ਇੱਕ ਵਿੱਤੀ ਮੀਲ ਪੱਥਰ ਹੈ ਬਲਕਿ ਕਿਰਤ ਖੇਤਰ ਵਿੱਚ ਸੁਧਰੇ ਹੋਏ ਸ਼ਾਸਨ ਅਤੇ ਸਾਰਥਕ ਨੀਤੀਆਂ ਲਾਗੂਕਰਨ ਦਾ ਸੂਚਕ ਵੀ ਹੈ। ਜ਼ਿਕਰਯੋਗ ਹੈ ਕਿ ਕਿਰਤ ਸੈੱਸ ਮੁੱਖ ਤੌਰ `ਤੇ ਰਾਜ ਦੇ ਅੰਦਰ ਉਸਾਰੀ ਨਾਲ ਸਬੰਧਤ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਤੋਂ ਇਕੱਠਾ ਕੀਤਾ ਜਾਂਦਾ ਹੈ ਤਾਂ ਜੋ ਕਿਰਤੀਆਂ ਦੀ ਸੁਰੱਖਿਆ, ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਸੌਂਦ ਨੇ ਦੱਸਿਆ ਕਿ ਕਿਰਤੀਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਨੇ ਵਜ਼ੀਫ਼ਾ ਸਕੀਮ, ਐਲਟੀਸੀ ਸਕੀਮ, ਸ਼ਗਨ ਸਕੀਮ ਸਮੇਤ ਵੱਖ-ਵੱਖ ਭਲਾਈ ਸਕੀਮਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸਰਲ ਬਣਾਇਆ ਹੈ ਅਤੇ ਕਿਰਤ ਵਿਭਾਗ ਦੁਆਰਾ ਵੱਖ-ਵੱਖ ਐਕਟਾਂ ਅਧੀਨ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ/ਉਦਯੋਗਿਕ ਸਕੀਮਾਂ ਨੂੰ ਡਿਜੀਟਲ ਕੀਤਾ ਗਿਆ ਹੈ।