ਪੰਜਾਬ ਵਿੱਚ ਪਸ਼ੂ ਪਾਲਕਾਂ ਲਈ ਕੀਤੇ ਵਿਲੱਖਣ ਉਪਰਾਲਿਆਂ ਨੂੰ ਕੇਂਦਰ ਸਰਕਾਰ ਨੇ ਸਲਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕੇਂਦਰੀ ਅਧਿਕਾਰੀਆਂ ਅਤੇ ਹੋਰ ਸੂਬਿਆਂ ਨਾਲ ਪੰਜਾਬ ਦੇ ਸਫ਼ਲ ਮਾਡਲ ਨੂੰ ਸਾਂਝਾ ਕੀਤਾ

The central government has appreciated the unique initiatives taken for the livestock farmers in Punjab.

ਚੰਡੀਗੜ੍ਹ: ਪਸ਼ੂ ਪਾਲਣ ਵਿੱਚ ਪੰਜਾਬ ਦੇ ਮਿਸਾਲੀ ਕੰਮ ਨੂੰ ਮਾਨਤਾ ਦਿੰਦਿਆਂ ਕੇਂਦਰ ਸਰਕਾਰ ਨੇ ਪਸ਼ੂ ਪਾਲਕਾਂ ਨੂੰ ਅਹਿਮ ਜਾਣਕਾਰੀ ਦੇਣ ਅਤੇ ਵੱਖ-ਵੱਖ ਪਸਾਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਯੂਟਿਊਬ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੀ ਸ਼ਲਾਘਾ ਕੀਤੀ ਹੈ। ਕੇਂਦਰ ਸਰਕਾਰ ਨੇ ਵਿਭਾਗ ਵੱਲੋਂ ਪਸ਼ੂ-ਪਾਲਕਾਂ ਨੂੰ ਡੋਰ ਸਟੈੱਪ ਉੱਤੇ  ਦਿੱਤੀ ਜਾ ਰਹੀ ਮਸਨੂਈ ਗਰਭਦਾਨ ਸੇਵਾ ਦੀ ਵੀ ਸ਼ਲਾਘਾ ਕੀਤੀ ਹੈ ਅਤੇ ਹੋਰ ਉੱਤਰੀ ਰਾਜਾਂ ਨੂੰ ਵੀ ਪੰਜਾਬ ਦੇ ਇਸ ਸਫ਼ਲ ਮਾਡਲ ਨੂੰ ਅਪਣਾਉਣ ਲਈ ਕਿਹਾ।

ਭਾਰਤ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਵਧੀਕ ਸਕੱਤਰ  ਵਰਸ਼ਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਖੇਤਰੀ ਸਮੀਖਿਆ ਮੀਟਿੰਗ (ਆਰ.ਆਰ.ਐਮ.), ਜਿਸ ਦੀ ਮੇਜ਼ਬਾਨੀ ਪੰਜਾਬ ਸਰਕਾਰ ਨੇ ਕੀਤੀ, ਦੌਰਾਨ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਇਹ ਪ੍ਰਸ਼ੰਸਾ ਹਾਸਲ ਹੋਈ। ਮੀਟਿੰਗ ਵਿੱਚ ਪਸ਼ੂਧਨ ਸਿਹਤ ਰੋਗ ਨਿਯੰਤਰਣ ਪ੍ਰੋਗਰਾਮ ਅਤੇ ਰਾਸ਼ਟਰੀ ਪਸ਼ੂਧਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਅੱਠ ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ,  ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਹਰਿਆਣਾ, ਲੱਦਾਖ, ਚੰਡੀਗੜ੍ਹ ਅਤੇ ਪੰਜਾਬ ਸ਼ਾਮਲ ਸਨ, ਦੇ ਅਧਿਕਾਰੀ ਇਕੱਤਰ ਹੋਏ। ਇਸ ਮੀਟਿੰਗ ਦੌਰਾਨ ਪ੍ਰਵਾਨਿਤ ਸਾਲਾਨਾ ਕਾਰਜ ਯੋਜਨਾਵਾਂ ਅਨੁਸਾਰ ਸਾਲ 2024-25 ਲਈ ਪਸ਼ੂਧਨ ਸਿਹਤ ਅਤੇ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਦੇ ਨਾਲ-ਨਾਲ ਸਾਲ 2025-26 ਲਈ ਯੋਜਨਾਵਾਂ ਤਿਆਰ ਕਰਨ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ  ਰਾਹੁਲ ਭੰਡਾਰੀ ਨੇ ਵਿਭਾਗ ਦੀਆਂ ਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਸ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਤੇ ਨਸਲ ਸੁਧਾਰ ਲਈ ਕੱਟੀਆਂ/ਵੱਛੀਆਂ ਪੈਦਾ ਕਰਨ ਲਈ ਸੈਕਸ-ਸੌਰਟਿਡ ਸੀਮਨ ਦੀਆਂ 3.75 ਲੱਖ ਖੁਰਾਕਾਂ ਦੀ ਖਰੀਦ ਅਤੇ ਟੀਚਾਗਤ ਪਸ਼ੂ ਆਬਾਦੀ ਦੀ 100 ਫੀਸਦ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਐਫਐਮਡੀ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮਿਸਾਲੀ ਕੰਮ ਕਰਦਿਆਂ ਵਿੱਤੀ ਸਾਲ 2024-25 ਵਿੱਚ 22.26 ਲੱਖ ਮਸਨੂਈ ਗਰਭਧਾਰਨ ਕੀਤੇ ਹਨ। ਇਸ ਤੋਂ ਇਲਾਵਾ 18.50 ਲੱਖ ਸੀਮਨ ਸਟਰਾਅਜ਼ (ਗਾਵਾਂ ਲਈ 6.47 ਲੱਖ ਅਤੇ ਮੱਝਾਂ ਲਈ 12.03 ਲੱਖ) ਦਾ ਉਤਪਾਦਨ ਵੀ ਕੀਤਾ ਹੈ।

ਰਾਹੁਲ ਭੰਡਾਰੀ ਨੇ ਸਾਲ 2024-25 ਅਤੇ ਸਾਲ 2025-26 ਲਈ ਭੌਤਿਕ ਅਤੇ ਵਿੱਤੀ ਪ੍ਰਗਤੀ ਰਿਪੋਰਟਾਂ ਵੀ ਪੇਸ਼ ਕੀਤੀਆਂ। ਕੇਂਦਰ ਦੀ ਟੀਮ, ਜਿਸ ਵਿੱਚ ਸ਼੍ਰੀਮਤੀ ਵਰਸ਼ਾ ਜੋਸ਼ੀ ਦੀ ਅਗਵਾਈ ਹੇਠ ਵਧੀਕ ਸਕੱਤਰ ਡੀਏਐਚਡੀ (ਭਾਰਤ ਸਰਕਾਰ) ਸ਼੍ਰੀ ਰਾਮ ਸ਼ੰਕਰ ਸਿਨਹਾ, ਜੁਆਇੰਟ ਸਕੱਤਰ ਡੀਏਐਚਡੀ (ਭਾਰਤ ਸਰਕਾਰ) ਡਾ. ਮੁਥੂਕੁਮਾਰਸਾਮੀ ਬੀ. ਅਤੇ ਸਲਾਹਕਾਰ (ਅੰਕੜਾ) ਡੀਏਐਚਡੀ ਭਾਰਤ ਸਰਕਾਰ ਸ਼੍ਰੀ ਜਗਤ ਹਜ਼ਾਰਿਕਾ ਸ਼ਾਮਲ ਸਨ, ਨੇ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਵਾਨਿਤ ਯੋਜਨਾਵਾਂ ਲਈ ਹੋਰ ਫੰਡਿੰਗ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਪੰਜਾਬ ਬੋਵਾਈਨ ਬ੍ਰੀਡਿੰਗ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਵੀ ਸ਼ਲਾਘਾ ਕੀਤੀ, ਜੋ ਗਾਵਾਂ ਅਤੇ ਮੱਝਾਂ ਵਿੱਚ ਬ੍ਰੀਡਿੰਗ ਗਤੀਵਿਧੀਆਂ ਨੂੰ ਨਿਯੰਤ੍ਰਿਤ ਕਰਦਾ ਹੈ।

ਕੇਂਦਰ ਦੀ ਟੀਮ ਦਾ ਉਨ੍ਹਾਂ ਦੇ ਸਮਰਥਨ ਅਤੇ ਪ੍ਰਸ਼ੰਸਾ ਲਈ ਧੰਨਵਾਦ ਕਰਦਿਆਂ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਇਸ ਮੀਟਿੰਗ ਨੇ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਸੁਚੱਜੇ ਲਾਗੂਕਰਨ ਵਾਸਤੇ ਆਪਣਾ ਅਨੁਭਵ, ਬਿਹਤਰ ਅਭਿਆਸ ਅਤੇ ਦਰਪੇਸ਼ ਵੱਖ-ਵੱਖ ਚੁਣੌਤੀਆਂ ਨੂੰ ਸਾਂਝਾ ਕਰਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨਾ, ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨਾ, ਸਾਂਝੀਆਂ ਸਮੱਸਿਆਵਾਂ ਦੇ ਹੱਲ ਲੱਭਣਾ, ਭਾਗੀਦਾਰ ਸੰਸਥਾਵਾਂ ਵਿੱਚ ਅੰਤਰ-ਰਾਜੀ ਸਹਿਯੋਗ, ਕੀਮਤੀ ਵਿਚਾਰਾਂ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਲਈ ਢੁਕਵਾਂ ਮਾਹੌਲ ਪ੍ਰਦਾਨ ਕਰਨਾ ਸੀ।

ਭੰਡਾਰੀ ਨੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਖੇਤਰ ਦੇ ਵਿਕਾਸ ਅਤੇ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਹਿਯੋਗ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੀਟਿੰਗ ਵਿੱਚ ਭਾਗ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਖਿੱਤੇ ਵਿੱਚ ਸਹਿਯੋਗ ਅਤੇ ਸਮੂਹਿਕ ਤਰੱਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਬਾਰੇ ਉਸਾਰੂ ਵਿਚਾਰ-ਚਰਚਾ ਕੀਤੀ।